
22 ਏਕੜ ਰਕਬੇ ਵਿਚ ਪਰਾਲੀ ਨੂੰ ਖੇਤ ਵਿਚ ਹੀ ਵਾਹ ਕੇ ਕਰਦਾ ਖੇਤੀ
ਫਤਿਹਗੜ੍ਹ ਸਾਹਿਬ (ਇੰਦਰਪ੍ਰੀਤ ਬਖਸ਼ੀ): ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਅੱਜ ਜਿਥੇ ਵੱਡੀ ਚੁਣੋਤੀ ਬਣੀ ਹੋਈ ਹੈ ਅਤੇ ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ ਉੱਥੇ ਹੀ ਮਨੁੱਖੀ ਸਰੀਰ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।
Paddy Straw
ਫਤਿਹਗੜ੍ਹ ਸਾਹਿਬ ਜ਼ਿਲੇ ਦੇ ਕਈ ਅਗਾਂਹਵਧੂ ਕਿਸਾਨ ਇਸ ਮੁਹਿੰਮ ਸਦਕਾ ਪਰਾਲੀ ਨੂੰ ਖੇਤ ਵਿਚ ਵਾਹੁਣ ਲੱਗ ਗਏ ਹਨ ਪ੍ਰੰਤੂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈਆਂ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡਾਂ ਵਿਚ ਲਗਾਏ ਜਾਂਦੇ ਜਾਗਰੂਕਤਾ ਕੈਂਪਾਂ ਤੋਂ ਪ੍ਰੇਰਨਾ ਲੈ ਕੇ ਜ਼ਿਲੇ ਦੇ ਬਲਾਕ ਅਮਲੋਹ ਦੇ ਪਿੰਡ ਬਰੀਮਾਂ ਦਾ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਹੈ ਜੋ ਕਿ ਪਿਛਲੇ ਤਿੰਨ ਸਾਲ ਤੋਂ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਸਫਲਤਾ ਪੂਰਬਕ ਖੇਤੀ ਕਰ ਰਿਹਾ ਹੈ।
Straw
ਅਗਾਂਹਵਧੂ ਕਿਸਾਨ ਕਰਨੈਲ ਸਿੰਘ ਕੋਲ 22 ਏਕੜ ਜ਼ਮੀਨ ਹੈ ਜਿਸ ਵਿਚ ਉਹ ਕਣਕ, ਝੋਨਾ, ਗੰਨਾ, ਸੂਰਜਮੁਖੀ, ਆਲੂ ਅਤੇ ਮੱਕੀ ਦੀ ਖੇਤੀ ਕਰਦਾ ਹੈ। ਉਸਨੇ ਪਿੰਡ ਦੇ ਹੋਰ ਕਿਸਾਨਾਂ ਨਾਲ ਮਿਲ ਕੇ ਸਾਲ 2018-19 ਵਿਚ ਬਾਬਾ ਫ਼ਤਹਿ ਸਿੰਘ ਗਰੁੱਪ ਬਣਾਇਆ। ਕਰਨੈਲ ਸਿੰਘ ਇਸ ਗਰੁੱਪ ਦਾ ਸਲਾਹਕਾਰ ਹੈ। ਇਸ ਗਰੁੱਪ ਨੇ ਇਨ ਸੀਟੂ ਸਕੀਮ ਅਧੀਨ 80 ਫੀਸਦੀ ਸਬਸਿਡੀ 'ਤੇ ਵੱਖ-ਵੱਖ ਖੇਤੀ ਮਸ਼ੀਨਾਂ ਖਰੀਦੀਆਂ ਜੋ ਕਿ ਉਹ ਹੋਰਨਾ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਵਾਜਬ ਰੇਟ 'ਤੇ ਦਿੰਦਾ ਹੈ।
Stubble
ਇਸ ਸਬੰਧੀ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਾਸੋਂ 80 ਫੀਸਦੀ ਸਬਸਿਡੀ 'ਤੇ ਲਈਆਂ ਮਸ਼ੀਨਾਂ ਦੀ ਬਦੌਲਤ ਉਸ ਨੂੰ ਖੇਤੀ ਕਰਨ ਵਿਚ ਅਸਾਨੀ ਹੋ ਗਈ ਹੈ। ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਖੇਤੀ ਮਸ਼ੀਨਾਂ ਕਾਰਨ ਉਸ ਨੂੰ ਪਰਾਲੀ ਦੀ ਸਾਂਭ ਸੰਭਾਲ ਕਰਨ ਵਿਚ ਕਾਫੀ ਮਦਦ ਮਿਲੀ ਹੈ।