
ਬਿੱਟੂ ਨੇ ਬੀਜੇਪੀ ਉਤੇ ਨਵੇਂ ਅੰਦਾਜ਼ ਵਿਚ ਵਿਅੰਗ ਕਸਿਆ
ਮਾਛੀਵਾੜਾ ਸਾਹਿਬ (ਪਪ): ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਵਿਰੁਧ ਖੇਤੀਬਾੜੀ ਕਾਨੂੰਨਾਂ ਸਬੰਧੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਨਿਤਰਦਿਆਂ ਕਿਹਾ ਕਿ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲੇ ਦੀ ਉਹ ਜ਼ਿੰਮੇਵਾਰੀ ਲੈਂਦੇ ਹਨ, ਇਸ ਲਈ ਕਿਸਾਨਾਂ 'ਤੇ ਪਰਚਾ ਦਰਜ ਕਰਨ ਦੀ ਬਜਾਏ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰਵਾ ਦਿਤੀ ਜਾਵੇ।
Ashwani Kumar
ਅਕਾਲੀ ਬੁਲਾਰਿਆਂ ਨੇ ਬੀਜੇਪੀ-ਪੱਖੀ ਸਟੈਂਡ ਲੈਂਦਿਆਂ, ਇਸ ਨੂੰ 'ਦੋਸ਼ ਮੰਨਣਾ' ਕਹਿ ਕੇ ਬਿੱਟੂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕਰ ਛੱਡੀ ਪਰ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਮਾਮੂਲੀ ਜਹੀ ਸਮਝ ਰੱਖਣ ਵਾਲਾ ਬੰਦਾ ਵੀ ਸਮਝ ਸਕਦਾ ਹੈ ਕਿ ਬਿੱਟੂ, ਬੀਜੇਪੀ ਪਾਰਟੀ ਨੂੰ ਸਗੋਂ ਇਹ ਕਹਿ ਕੇ ਕਟਹਿਰੇ ਵਿਚ ਖੜਾ ਕਰ ਰਹੇ ਸਨ ਜੋ ਹਰ ਛੋਟੇ ਮੋਟੇ ਵਿਰੋਧ ਨੂੰ ਬਹੁਤ ਵੱਡਾ ਕਰ ਕੇ ਪ੍ਰਚਾਰਨ ਲਗਦੀ ਹੈ।
Ravneet Bittu
ਇਸ ਪ੍ਰਵਿਰਤੀ ਦਾ ਮਜ਼ਾਕ ਉਡਾਉਂਦਿਆਂ ਬਿੱਟੂ ਨੇ ਕਿਹਾ ਕਿ ਕਿਸਾਨਾਂ ਦਾ ਰੋਸ ਬੀਜੇਪੀ ਨੂੰ ਸਮਝ ਨਹੀਂ ਆ ਸਕਦਾ ਤਾਂ ਕਿਸਾਨਾਂ ਨਾਲ ਖ਼ਫ਼ਾ ਹੋਣ ਦੀ ਬਜਾਏ ਮੇਰੇ (ਬਿੱਟੂ) ਉਤੇ ਗੁੱਸਾ ਕੱਢ ਲਵੇ। ਉਹ ਮਾਛੀਵਾੜਾ ਵਿਖੇ ਅਪਣੇ ਨਾਨਾ ਡੋਗਰ ਸਿੰਘ ਕੂੰਨਰ ਦੇ ਅੰਤਮ ਸਸਕਾਰ ਮੌਕੇ ਆਏ ਸਨ ਅਤੇ ਬਾਅਦ 'ਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਹਰ ਵਰਗ 'ਚ ਇਹ ਖੇਤੀਬਾੜੀ ਬਿੱਲ ਪਾਸ ਹੋਣ ਕਾਰਨ ਰੋਸ ਹੈ।
Farmers protest
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕਿਸਾਨ ਅਪਣੇ ਹੱਕਾਂ ਲਈ ਸਾਰਾ ਦਿਨ, ਸਾਰੀ ਰਾਤ ਰੇਲ ਪਟੜੀਆਂ, ਸੜਕਾਂ 'ਤੇ ਧਰਨਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਆਗੂ ਉਨ੍ਹਾਂ ਕੋਲੋਂ ਹੂਟਰ ਮਾਰ ਕੇ ਕਿਸਾਨਾਂ ਦੇ ਹੱਕ 'ਚ ਨਿਤਰਨ ਦੀ ਬਜਾਏ ਉਨ੍ਹਾਂ ਨੂੰ ਮੂੰਹ ਚਿੜਾ ਕੇ ਲੰਘ ਰਹੇ ਹਨ। ਜੇਕਰ ਅੱਗੇ ਤੋਂ ਵੀ ਕੋਈ ਵੀ ਭਾਜਪਾ ਆਗੂ
ਅਜਿਹੀ ਘਟੀਆ ਹਰਕਤ ਕਰੇਗਾ ਤੇ ਉਸ ਉਪਰ ਹਮਲਾ ਹੋਇਆ ਉਸ ਲਈ ਵੀ ਜ਼ਿੰਮੇਵਾਰ ਰਵਨੀਤ ਸਿੰਘ ਬਿੱਟੂ ਹੋਵੇਗਾ।
Hardeep Puri
ਕੇਂਦਰੀ ਸਰਕਾਰ 'ਚ ਹਰਦੀਪ ਸਿੰਘ ਪੁਰੀ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਅਪਣੇ ਆਪ ਨੂੰ ਪੰਜਾਬ ਦਾ ਸਿੱਖ ਕਹਾਉਂਦਾ ਹੈ ਪਰ ਉਸ ਨੇ ਪੰਜਾਬ ਦੇ ਹਿੱਤਾਂ ਤੇ ਕਿਸਾਨਾਂ ਲਈ ਇਕ ਵਾਰ ਵੀ ਅਵਾਜ਼ ਬੁਲੰਦ ਨਾ ਕੀਤੀ।ਸਾਬਕਾ ਮੰਤਰੀ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੇ ਸਿੱਧੂ ਦਾ ਕਾਂਗਰਸ 'ਚ ਦਮ ਘੁੱਟਦਾ ਹੈ ਤਾਂ ਉਹ ਛੱਡ ਕੇ ਚਲਾ ਜਾਵੇ। ਨਵਜੋਤ ਸਿੱਧੂ ਇਹ ਬਹੁਤ ਵੱਡਾ ਲੀਡਰ ਹੈ। ਪਹਿਲਾਂ ਉਸ ਨੇ ਭਾਜਪਾ ਨੂੰ ਅਜਮਾਇਆ ਅਤੇ ਫਿਰ ਕਾਂਗਰਸ ਨੂੰ, ਜੇਕਰ ਇਥੇ ਵੀ ਪੁੱਛਗਿੱਛ ਨਹੀਂ ਹੋ ਰਹੀ ਤਾਂ ਉਹ ਕਿਸੇ ਹੋਰ ਪਾਰਟੀ 'ਚ ਜਾ ਕੇ ਅਪਣੀ ਕਿਸਮਤ ਅਜਮਾ ਸਕਦੇ ਹਨ।