
ਸੁਪਰੀਮ ਕੋਰਟ ਤੋਂ ਨਹੀਂ ਮਿਲੀ ਸੁਮੇਧ ਸੈਣੀ ਨੂੰ ਰਾਹਤ
ਚੰਡੀਗੜ੍ਹ, 14 ਅਕਤੂਬਰ (ਸੁਰਜੀਤ ਸਿੰਘ ਸੱਤੀ): ਮੁਲਤਾਨੀ ਅਗ਼ਵਾ ਤੇ ਕਤਲ ਕੇਸ ਵਿਚ ਮੁਲਜ਼ਮ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਤੇ ਐਫ਼ਆਈਆਰ ਰੱਦ ਕਰਨ ਦੀ ਮੰਗ ਬਾਰੇ ਸੁਪਰੀਮ ਕੋਰਟ ਤੋਂ ਫੌਰੀ ਰਾਹਤ ਨਹੀਂ ਮਿਲੀ। ਸਰਬ ਉਚ ਅਦਾਲਤ ਨੇ ਹਾਈ ਕੋਰਟ ਦੇ ਫ਼ੈਸਲੇ 'ਤੇ ਰੋਕ ਨਾ ਲਾਉਂਦਿਆਂ ਪੰਜਾਬ ਸਰਕਾਰ ਨੂੰ ਤਿੰਨ ਹਫ਼ਤੇ ਵਿਚ ਜਵਾਬ ਦੇਣ ਤੇ ਇਸ ਜਵਾਬ ਬਾਰੇ ਸੈਣੀ ਨੂੰ ਇਕ ਹਫ਼ਤੇ ਵਿਚ ਮੋੜਵਾਂ ਜਵਾਬ ਦੇਣ ਲਈ ਕਿਹਾ ਹੈ। ਵਿਰੋਧੀ ਧਿਰ ਦੇ ਵਕੀਲ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਾਂਚ 'ਤੇ ਰੋਕ ਲਗਾਉਣਾ ਜ਼ਰੂਰੀ ਨਹੀਂ ਤੇ ਇਸ ਕੇਸ ਵਿਚ ਅੰਤਰਮ ਜ਼ਮਾਨਤ ਰਾਹੀਂ ਗ੍ਰਿਫ਼ਤਾਰੀ ਪੱਖੋਂ ਸੈਣੀ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਸੀਬੀਆਈ ਜਾਂਚ ਤੇ ਐਫ਼ਆਈਆਰ ਰੱਦ ਕਰਨ ਦੀ ਮੰਗ ਖ਼ਾਰਜ ਕਰਦਿਆਂ ਕਿਹਾ ਸੀ ਕਿ ਗੰਭੀਰ ਦੋਸ਼ ਹੋਣ ਕਾਰਨ ਜਾਂਚ ਹੋਣੀ ਚਾਹੀਦੀ ਹੈ ਤੇ ਸ਼ਿਕਾਇਤ ਭਾਵੇਂ ਪਿਉ ਦੀ ਹੋਵੇ ਜਾਂ ਫੇਰ ਬੇਟੇ ਦੀ, ਕੋਈ ਫ਼ਰਕ ਨਹੀਂ। ਬੈਂਚ ਨੇ ਇਹ ਵੀ ਕਿਹਾ ਸੀ ਕਿ ਜੇਕਰ ਦੋਸ਼ ਵੱਡੇ ਪੱਧਰ ਦੇ ਅਫ਼ਸਰ 'ਤੇ ਹੋਣ ਤਾਂ ਪਾਰਦਰਸ਼ਤਾ ਤੇ ਅਹੁਦੇ ਦੇ ਵਕਾਰ ਲਈ ਜਾਂਚ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਇਸੇ ਫ਼ੈਸਲੇ ਨੂੰ ਸੈਣੀ ਨੇ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਸੀ।image