
ਪੰਜਾਬ ਦੇ ਅਧਿਕਾਰਾਂ ਦੀ ਰਖਿਆ ਕਰਨ ਵਿਚ ਨਾਕਾਮ ਚੰਨੀ ਦੇਣ ਅਸਤੀਫ਼ਾ
ਚੰਡੀਗੜ੍ਹ, 14 ਅਕਤੂਬਰ (ਅੰਕੁਰ ਤਾਂਗੜੀ/ਨਰਿੰਦਰ ਸਿੰਘ ਝਾਮਪੁਰ) : ਚੰਡੀਗੜ੍ਹ ’ਚ ਰਾਜ ਭਵਨ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਮੁਜ਼ਾਹਰਾ ਕੀਤਾ ਗਿਆ। ਕੇਂਦਰ ਸਰਕਾਰ ਵਲੋਂ ਸੀਮਾ ਸੁਰੱਖਿਆ ਬਲ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਖੇਤਰ ਅੰਦਰ ਪੰਜਾਹ ਕਿਲੋਮੀਟਰ ਤਕ ਵੱਧ ਅਧਿਕਾਰ ਦੇਣ ਵਿਰੁਧ ਇਹ ਮੁਜ਼ਾਹਰਾ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਗਿਆ।
ਇਸ ਦੌਰਾਨ ਮੁਜ਼ਾਹਰਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਲੀਡਰਾਂ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਹਿਰਾਸਤ ਵਿਚ ਲੈ ਲਿਆ ਗਿਆ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਦੇ ਸੈਕਟਰ-3 ਦੇ ਪੁਲਿਸ ਥਾਣੇ ਵਿਚ ਲਿਆਂਦਾ ਗਿਆ। ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੈਕਟਰ-3 ਥਾਣੇ ਵਿਚ ਹੀ ਧਰਨਾ ਲਾ ਕੇ ਬੈਠ ਗਏ। ਕੱੁਝ ਦੇਰ ਬਾਅਦ ਇਨ੍ਹਾਂ ਸਾਰੇ ਸੀਨੀਅਰ ਲੀਡਰਾਂ ਨੂੰ ਪੁਲਿਸ ਵਲੋਂ ਰਿਹਾਅ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਦਰਸ਼ਨਕਾਰੀ ਪੰਜਾਬ ਰਾਜ ਭਵਨ ਦਾ ਘਿਰਾਉ ਕਰਨਾ ਚਾਹੁੰਦੇ ਸਨ, ਪਰ ਚੰਡੀਗੜ੍ਹ ਪੁਲਿਸ ਨੇ ਬੈਰੀਕੇਡਿੰਗ ਕਰ ਕੇ ਰੋਕ ਲਿਆ। ਸੁਖਬੀਰ ਬਾਦਲ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਖੇਤੀ ਕਾਨੂੰਨਾਂ ਅਤੇ ਹੁਣ ਬੀਐਸਐਫ਼ ਜ਼ਰੀਏ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰ ਦਿਤਾ ਗਿਆ। ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਵਰ੍ਹਦਿਆਂ ਕਿਹਾ ਕਿ ਉਹ ਇਸ ਵੱਡੇ ਮਾਮਲੇ ਵਿੱਚ ਕੇਵਲ ਟਵੀਟ ਉਪਰ ਹੀ ਵਿਰੋਧ ਜਤਾ ਰਹੇ ਹਨ। ਪੰਜਾਬ ਸਰਕਾਰ ਪੰਜਾਬ ਦੇ ਹੱਕ ਨਾਲ ਹੁੰਦੇ ਵਤੀਰੇ ਤੇ ਚੁੱਪ ਕਿਉਂ ਬੈਠੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਕੇਂਦਰ ਵਿਰੁਧ ਲੜਾਈ ਕਿਉਂ ਨਹੀਂ ਲੜ ਰਹੇ। ਬਾਦਲ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਵਿੱਚ ਕੋਈ ਅੰਤਰ ਨਹੀਂ ਹੈ, ਦੋਵੇਂ ਇਕੋ ਥਾਲੀ ਦੇ ਚੱਟੇ-ਬੱਟੇ ਹਨ। ਉਨ੍ਹਾਂ ਕਿਹਾ ਕਿ ਪੌਣੇ ਪੰਜ ਸਾਲ ਚਰਨਜੀਤ ਸਿੰਘ ਚੰਨੀ ਕੈਪਟਨ ਦੇ ਮੰਤਰੀ ਮੰਡਲ ਵਿਚ ਮੰਤਰੀ ਵੀ ਰਹੇ ਹਨ।