
ਮੁੱਖ ਮੰਤਰੀ ਚੰਨੀ ਨੇ ਫੋਕੇ ਦਾਅਵਿਆਂ ਨਾਲ ਉਦਯੋਗਪਤੀਆਂ ਨੂੰ ਧੋਖੇ ਵਿਚ ਰੱਖਣ ਲਈ ਕੇਜਰੀਵਾਲ ਨੂੰ ਕਰੜੇ ਹੱਥੀਂ ਲਿਆ
ਚੰਡੀਗੜ੍ਹ, 14 ਅਕਤੂਬਰ (ਭੁੱਲਰ): ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਖ਼ਾਤਰ ਸਨਅਤਕਾਰਾਂ ਨਾਲ ਝੂਠੇ ਵਾਅਦੇ ਕਰਨ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਜ਼ਾਕ ਉਡਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਕੇਜਰੀਵਾਲ ਕੋਰੇ ਝੂਠਾਂ ਦੇ ਆਧਾਰ ਉਤੇ ਖੋਖਲੇ ਦਾਅਵੇ ਕਰ ਰਹੇ ਹਨ।
ਇਕ ਬਿਆਨ ਰਾਹੀਂ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਸੂਬੇ ਨੂੰ 24 ਘੰਟੇ ਬਿਜਲੀ ਸਪਲਾਈ ਦੇਵੇਗੀ। ਸ. ਚੰਨੀ ਨੇ ਕਿਹਾ ਕਿ ਸ਼ਾਇਦ ਕੇਜਰੀਵਾਲ ਇਹ ਨਹੀਂ ਜਾਣਦੇ ਕਿ ਪੰਜਾਬ ਸਰਕਾਰ ਅਣਕਿਆਸੇ ਹਾਲਾਤ ਅਤੇ ਮੁਰੰਮਤ ਦੇ ਸਮੇਂ ਨੂੰ ਛੱਡ ਕੇ ਲੋਕਾਂ ਨੂੰ ਪਹਿਲਾਂ ਹੀ 24 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ।
ਇੰਸਪੈਕਟਰੀ ਰਾਜ ਦਾ ਖ਼ਾਤਮਾ ਕਰਨ ਲਈ ਕੇਜਰੀਵਾਲ ਦੇ ਦਾਅਵੇ ਦਾ ਮੋੜਵਾਂ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਭਰ ਵਿਚ ਇੰਸਪੈਕਟਰੀ ਰਾਜ ਨੂੰ ਪਹਿਲਾਂ ਦੀ ਖ਼ਤਮ ਕਰ ਚੁਕੀ ਹੈ। ਕੇਂਦਰੀ ਨਿਰੀਖਣ ਪ੍ਰਣਾਲੀ ਰਾਹੀਂ ਸਾਢੇ ਚਾਰ ਸਾਲਾਂ ਵਿਚ ਸਾਂਝੇ ਤੌਰ ਉਤੇ 17589 ਵਾਰ ਨਿਰੀਖਣ ਕੀਤਾ ਜਾ ਚੁਕਾ ਹੈ।
ਕੇਜਰੀਵਾਲ ਵਲੋਂ ਉਦਯੋਗਪਤੀਆਂ ਨੂੰ ਝਾਂਸੇ ਵਿਚ ਲੈਣ ਲਈ 3-6 ਮਹੀਨਿਆਂ ਵਿਚ ਵੈਟ ਰਿਫ਼ੰਡ ਕਰਨ ਦੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਵਿਚ ਉਦਯੋਗਪਤੀਆਂ ਨੂੰ 1700 ਕਰੋੜ ਰੁਪਏ ਦਾ ਵੈਟ ਰਿਫ਼ੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁਕੇ ਹਨ ਤੇ ਇਸ ਸਤੰਬਰ ਦੇ ਅੰਤ ਤਕ ਸਿਰਫ਼ 70 ਕਰੋੜ ਰੁਪਏ ਹੀ ਬਕਾਇਆ ਹਨ। ਉਦਯੋਗ ਦੀ ਪ੍ਰਗਤੀ ਸਬੰਧੀ ਕਾਰਜਾਂ ਦੇ ਮੁੱਦੇ ’ਤੇ ਚੰਨੀ ਨੇ ਕਿਹਾ ਕਿ ਪਲਾਟ ਧਾਰਕਾਂ ’ਤੇ ਸਾਂਭ-ਸੰਭਾਲ ਦਾ ਕੋਈ ਖ਼ਰਚਾ ਨਹੀਂ ਲਗਾਇਆ ਗਿਆ ਹੈ। ਕੇਜਰੀਵਾਲ ਵਲੋਂ ਸੂਬੇ ਵਿਚ ਸੱਤਾ ਵਿਚ ਆਉਣ ’ਤੇ ਹਫ਼ਤਾ ਪ੍ਰਣਾਲੀ/ਗੁੰਡਾ ਟੈਕਸ ਨੂੰ ਖ਼ਤਮ ਕਰਨ ਦੇ ਦਾਅਵੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਜਿਹੀ ਕੋਈ ਪ੍ਰਣਾਲੀ ਮੌਜੂਦ ਨਹੀਂ ਹੈ। ਕੇਜਰੀਵਾਲ ਨੂੰ ਮੌਕਾਪ੍ਰਸਤ ਕਰਾਰ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਅਜਿਹੀਆਂ ਗ਼ਲਤ ਅਤੇ ਸਿਆਸੀ ਹਿੱਤਾਂ ਵਾਲੀਆਂ ਹਰਕਤਾਂ ‘ਆਪ’ ਕਨਵੀਨਰ ਨੂੰ ਪੰਜਾਬ ਦੇ ਚੋਣ ਮੈਦਾਨ ’ਤੇ ਕਾਬਜ਼ ਹੋਣ ਵਿਚ ਮਦਦ ਨਹੀਂ ਕਰਨਗੀਆਂ।