
ਬੀ.ਐਸ.ਐਫ਼ ਦੇ ਅਧਿਕਾਰ ਖੇਤਰ ਨੂੰ ਲੈ ਕੇ ਕਾਂਗਰਸ ਤੇ ਕੈਪਟਨ ਵਿਚਕਾਰ ਤਿੱਖੀਆਂ ਝੜਪਾਂ
ਪ੍ਰਗਟ ਸਿੰਘ ਨੇ ਕੈਪਟਨ ਦੀ ਸ਼ਰਾਰਤ ਦਸਿਆ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਸਿੱਧੂ ਤੇ ਪ੍ਰਗਟ ਬਕਵਾਸ ਘੜਦੇ ਰਹਿੰਦੇ ਨੇ ਤੇ ਇਕੋ ਥੈਲੀ ਦੇ ਚੱਟੇ ਵੱਟੇ ਹਨ
ਚੰਡੀਗੜ੍ਹ, 14 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਅੱਜ ਬੀ.ਐਸ.ਐਫ਼ ਦਾ ਅਧਿਕਾਰ ਖੇਤਰ ਪੰਜਾਬ ਵਿਚ ਵਧਾਉਣ ਦੇ ਮੁੱਦੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਗੰਭੀਰ ਦੋਸ਼ ਲਾਏ ਹਨ | ਅੱਜ ਇਥੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਪੰਜਾਬ ਭਵਨ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਵਿਚ ਪ੍ਰਗਟ ਸਿੰਘ ਨੇ ਕੈਪਟਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਹ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਸਨ ਤਾਂ ਉਸ ਸਮੇਂ ਝੋਨੇ ਦੀ ਖ਼ਰੀਦ ਵਿਚ ਦੇਰੀ ਕਰਵਾ ਦਿਤੀ ਸੀ ਅਤੇ ਹੁਣ ਦਿੱਲੀ ਜਾਣ ਬਾਅਦ ਭਾਜਪਾ ਨਾਲ ਮਿਲ ਕੇ ਸੂਬੇ ਵਿਚ ਬੀ.ਐਸ.ਐਫ਼ ਦਾ ਕਬਜ਼ਾ ਕਰਵਾ ਕੇ ਰਾਸ਼ਟਰਪਤੀ ਰਾਜ ਦਾ ਰਾਹ ਪਧਰਾ ਕਰਨ ਲਈ ਇਕ ਹੋਰ ਸ਼ਰਾਰਤ ਕਰ ਦਿਤੀ ਹੈ |
ਦੂਜੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਅਤੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਦੇ ਬਿਆਨਾਂ 'ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਜਵਾਬੀ ਹਮਲਾ ਬੋਲਦਿਆਂ ਪਲਟਵਾਰ ਕੀਤੇ ਹਨ | ਪ੍ਰਗਟ ਸਿੰਘ ਵਲੋਂ ਲਾਏ ਦੋਸ਼ਾਂ 'ਤੇ ਪਲਟਵਾਰ ਕਰਦਿਆਂ ਕੈਪਟਨ ਨੇ ਟਵੀਟ ਕਰ ਕੇ ਕਿਹਾ ਕਿ ਸਿੱਧੂ ਤੇ ਪ੍ਰਗਟ ਇਕੋ ਹੀ ਥੈਲੀ ਦੇ ਚੱਟੇ-ਵੱਟੇ ਹਨ | ਸਸਤੀ ਸ਼ੁਹਰਤ ਹਾਸਲ ਕਰਨ ਲਈ ਮਿਲ ਕੇ ਬਕਵਾਸ ਘੜਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਪੱਲੇ ਕੁੱਝ ਨਾ ਹੋਵੇ ਤਾਂ ਅਜਿਹੀ ਬਕਵਾਸ ਹੀ ਕੀਤੀ ਜਾਂਦੀ ਹੈ | ਦੋਵੇਂ ਇਕੋ ਥੈਲੀ ਦੇ ਚੱਟੇ ਵੱਟੇ ਹਨ |
ਉਨ੍ਹਾਂ ਕਿਹਾ ਕਿ ਸੂਬੇ ਦੇ ਕੈਬਨਿਟ ਮੰਤਰੀ ਵਲੋਂ ਅਜਿਹੇ ਗ਼ੈਰ ਜ਼ਿੰਮੇਵਾਰਨਾ ਬਿਆਨਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਕੋਲ ਕਹਿਣ ਨੂੰ ਹੋਰ ਕੁੱਝ ਨਹੀਂ | ਕੈਪਟਨ ਨੇ ਰਣਦੀਪ ਸੁਰਜੇਵਾਲਾ 'ਤੇ ਟਵੀਟ ਰਾਹੀਂ ਪਲਟਵਾਰ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਅਪਣੇ ਸੂਬੇ ਵਿਚ ਚੋਣ ਨਾ ਜਿੱਤ ਸਕੇ ਉਸ ਨੂੰ ਕੌਮੀ ਮੁੱਦਿਆਂ ਉਪਰ ਬੋਲਣ ਦਾ ਹੀ ਕੋਈ ਹੱਕ ਨਹੀਂ | ਹਾਸੋਹੀਣੇ ਬਿਆਨ ਦਿਤੇ ਜਾ ਰਹੇ ਹਨ | ਸੁਰਜੇਵਾਲਾ ਨੇ ਵੀ ਕੈਪਟਨ ਵਲੋਂ ਬੀ.ਐਸ.ਐਫ਼ ਦੀ ਹਮਾਇਤ ਵਿਚ ਦਿਤੇ ਬਿਆਨ ਨੂੰ ਲੈ ਕੇ ਵਿਰੋਧ ਵਿਚ ਬਿਆਨ ਦਿਤਾ ਸੀ |
ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਇਸ ਸਮੇਂ ਸੂਬੇ ਵਿਚ ਅਪਣੀ ਹੀ ਸਰਕਾਰ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੈਪਟਨ ਭਾਜਪਾ ਦੀ ਕੇਂਦਰੀ ਸਰਕਾਰ ਤੇ ਲੀਡਰਸ਼ਿਪ ਨਾਲ ਮਿਲ ਕੇ ਪੰਜਾਬ ਵਿਰੋਧੀ ਸਾਜ਼ਸ਼ਾਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੈਪਟਨ ਇਕ ਵੱਡੇ ਕੱਦ ਵਾਲੇ ਨੇਤਾ ਹਨ ਅਤੇ ਉਨ੍ਹਾਂ ਦਾ ਸਾਰੇ ਸਤਿਕਾਰ ਵੀ ਕਰਦੇ ਹਨ ਪਰ ਅਪਣੀਆਂ ਨਿਜੀ ਸਿਆਸੀ ਕਿੜਾਂ ਕੱਢਣ ਲਈ ਉਨ੍ਹਾਂ ਨੂੰ ਪੰਜਾਬ ਵਿਰੋਧੀ ਕੰਮ ਨਹੀਂ ਕਰਨੇ ਚਾਹੀਦੇ |
ਪ੍ਰਗਟ ਸਿੰਘ ਨੇ ਕਿਹਾ ਕਿ ਹੁਣ ਕੈਪਟਨ ਵਲੋਂ ਬੀ.ਐਸ.ਐਫ਼ ਦੇ
ਸਮਰਥਨ ਵਿਚ ਦਿਤੇ ਬਿਆਨ ਨੇ ਵੀ ਉਨ੍ਹਾਂ ਦੀ ਭਾਜਪਾ ਨਾਲ ਮਿਲੀਭੁਗਤ ਨੂੰ ਸਾਬਤ ਕਰ ਦਿਤਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਕੈਪਟਨ ਭਾਜਪਾ ਨਾਲ ਮਿਲ ਕੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਹੋਰ ਰਾਜਾਂ ਵਿਚ ਜਿਸ ਤਰ੍ਹਾਂ ਵੋਟਾਂ ਦੀ ਸਿਆਸਤ ਕਰ ਰਹੀ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਕਰ ਕੇ ਵੋਟਾਂ ਬਟੋਰਨ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ |
ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿਚ ਧਰਮ, ਜਾਤਾਂ ਦੀ ਸਿਆਸਤ ਨਹੀਂ ਚਲਦੀ ਅਤੇ ਹਮੇਸ਼ਾ ਪੰਜਾਬੀਅਤ ਕਾਇਮ ਰੱਖੀ ਹੈ | ਹੁਣ ਵੀ ਕੇਂਦਰ ਦੀਆਂ ਸਾਜ਼ਸ਼ਾਂ ਸਫ਼ਲ ਨਹੀਂ ਹੋਣ ਦੇਣਗੇ | ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਨੂੰ ਕਦੇ ਵੀ ਫ਼ਿਰਕੂ ਤਰੀਕੇ ਨਾਲ ਨਹੀਂ ਦੇਖਿਆ ਗਿਆ | ਆਜ਼ਾਦੀ ਦੀ ਲੜਾਈ ਹੋਵੇ ਜਾਂ ਕੁਰਬਾਨੀਆਂ ਦੇਣ ਦਾ ਮਾਮਲਾ ਹੋਵੇ ਪੰਜਾਬ ਨੇ ਮਿਲ ਕੇ ਲੜਾਈ ਲੜੀ ਹੈ | ਖੇਤੀ ਕਾਨੂੰਨਾ ਦੀ ਇਤਿਹਾਸਕ ਲੜਾਈ ਸੱਭ ਦੇ ਸਾਹਮਣੇ ਹੈ | ਫ਼ਿਰਕੂ ਨੀਹਾਂ 'ਤੇ ਵੰਡਣ ਦੀ ਕੇਂਦਰ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦੇਣਗੇ ਪੰਜਾਬ ਵਾਸੀ | ਸੂਬੇ ਦੇ ਅਧਿਕਾਰਾਂ ਵਿਚ ਦਖ਼ਲ ਬੰਦ ਕਰੇ ਅਤੇ ਫ਼ੈਡਰਲ ਢਾਂਚੇ ਨੂੰ ਕਮਜ਼ੋਰ ਨਾ ਕਰੇ |