
ਲਖਬੀਰ ਦੇ 3 ਲੜਕੀਆਂ ਸਨ ਤੇ ਉਹ ਅਪਣੀ ਬੈਣ ਨਾਲ ਤਰਨਤਾਰਨ ਵਿਖੇ ਰਹਿੰਦਾ ਸੀ
ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੌਰਾਨ ਇਕ 35 ਸਾਲਾ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਚੱਲਦਿਆਂ ਨਿਹੰਗ ਸਿੰਘਾਂ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਗੁੱਟ ਤੇ ਲੱਤ ਵੱਢ ਦਿੱਤੀ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਨਿਹੰਗਾਂ ਨੇ ਦੋਸ਼ ਲਗਾਇਆ ਹੈ ਕਿ ਵਿਅਕਤੀ ਨੇ ਪੈਸੇ ਲੈ ਕੇ ਬੇਅਦਬੀ ਕੀਤੀ ਹੈ। ਇਸ ਤੋਂ ਕੁੱਝ ਸਮੇਂ ਬਾਅਦ ਨੌਜਵਾਨ ਦੀ ਪਛਾਣ ਲਖਬੀਰ ਸਿੰਘ ਵਜੋਂ ਹੋਈ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਉਸ ਦੇ 3 ਲੜਕੀਆਂ ਹਨ ਤੇ ਉਹ ਅਪਣੀ ਭੈਣ ਨਾਲ ਤਰਨਤਾਰਨ ਵਿਖੇ ਰਹਿੰਦਾ ਸੀ।
ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿਚ ਤਾਂ ਉਸ ਨੂੰ ਕਿਸੇ ਹੋਰ ਨਾਮ ਨਾਲ ਬੁਲਾਇਆ ਜਾਂਦਾ ਸੀ ਪਰ ਅਧਾਰ ਕਾਰਡ 'ਤੇ ਉਸ ਦਾ ਨਾਮ ਲਖਬੀਰ ਸਿੰਘ ਸੀ ਤੇ ਉਹ ਅਪਣੀ ਭੈਣ ਨਾਲ ਇੱਥੇ ਰਹਿੰਦਾ ਸੀ। ਲਖਬੀਰ ਸਿੰਘ ਲੋਕਾਂ ਦੇ ਛੋਟੇ-ਮੋਟੇ ਕੰਮ ਕਰਦਾ ਸੀ ਤੇ ਲੋਕ ਉਸ ਨੂੰ ਪੈਸੇ ਵਗੈਰਾ ਦੇ ਦਿੰਦੇ ਸਨ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਜਿੱਥੋਂ ਤੱਕ ਉਹ ਜਾਣਦੇ ਹਨ ਉਹ ਬੇਅਦਬੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਨਸ਼ੇ ਤਾਂ ਲਖਬੀਰ ਸਿੰਘ ਬਹੁਤ ਕਰਦਾ ਸੀ ਪਰ ਬੇਅਦਬੀ ਨਹੀਂ ਕਰ ਸਕਦਾ ਉਹ ਕਦੇ ਵੀ ਕਿਧਰੇ ਪਿੰਡ ਤੋਂ ਦੂਰ ਵੀ ਨਹੀਂ ਗਿਆ ਬਸ ਪਿੰਡ ਦਾ ਕੰਮ ਕਰ ਕੇ ਆ ਕੇ ਸੌਂ ਜਾਂਦਾ ਸੀ।
ਪਿੰਡ ਵਾਸੀਆਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਉਸ ਨੇ ਅੱਜ ਤੱਕ ਪਿੰਡ ਵਿਚ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ ਤੇ ਉਹ ਨਸ਼ੇ ਜ਼ਰੂਰ ਕਰਦਾ ਸੀ ਪਰ ਬੇਅਦਬੀ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਵੀ ਬਿਆਨ ਸਾਹਮਣੇ ਆ ਗਿਆ ਸੀ ਕਿ ਸਿੰਘੂ ਮੋਰਚੇ 'ਤੇ ਅੱਜ ਸਵੇਰੇ ਪੰਜਾਬ ਦੇ ਇੱਕ ਵਿਅਕਤੀ (ਲਖਬੀਰ ਸਿੰਘ, ਪੁੱਤਰ ਦਰਸ਼ਨ ਸਿੰਘ, ਪਿੰਡ ਚੀਮਾ ਕਲਾ, ਥਾਣਾ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਘਟਨਾ ਸਥਾਨ 'ਤੇ ਮੌਜੂਦ ਇਕ ਨਿਹੰਗ ਜਥੇਬੰਦੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਲਖਬੀਰ ਸਿੰਘ ਵੱਲੋਂ ਸਰਬਲੋਹ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਘਟਨਾ ਇਸ ਦੇ ਕਾਰਨ ਹੀ ਵਾਪਰੀ। ਕਿਸਾਨ ਮੋਰਚੇ ਨੇ ਇਸ ਬੇਰਹਿਮੀ ਨਾਲ ਹੋਏ ਕਤਲ ਦੀ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਘਟਨਾ ਦੇ ਦੋਵੇਂ ਪੱਖ, ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।
ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹਾਂ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਇਸ ਅਧਾਰ 'ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਲੋਕਤੰਤਰੀ ਅਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਇਸ ਅੰਦੋਲਨ 'ਚ ਕਿਸੇ ਵੀ ਹਿੰਸਾ ਦਾ ਵਿਰੋਧ ਕਰਦੀ ਹੈ।