
ਹੁਣ ਮਹਿਮਾਨਾਂ ਨੂੰ ਦਿੱਤੇ ਜਾਣਗੇ ਸਿਰਫ਼ ਚਾਹ ਅਤੇ ਬਿਸਕੁਟ
ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਮੁਫ਼ਤ ਵਿੱਚ ਬਰਫ਼ੀ ਅਤੇ ਪਨੀਰ ਦੇ ਪਕੌੜੇ ਨਹੀਂ ਮਿਲਣਗੇ। ਇਹ ਫ਼ੈਸਲਾ ਫਜ਼ੂਲ ਖ਼ਰਚੀ ਨੂੰ ਰੋਕਣ ਲਈ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸੀਐਮਓ ਦਫ਼ਤਰ ਨੇ ਇਸ ਖਰਚੇ ਵਿੱਚ ਕਟੌਤੀ ਕਰਦਿਆਂ ਸੂਬੇ ਦੇ ਪ੍ਰਾਹੁਣਚਾਰੀ ਵਿਭਾਗ ਪੱਤਰ ਜਾਰੀ ਕੀਤਾ ਹੈ ਜਿਸ ਵਿਚ ‘ਫ਼ਜ਼ੂਲ ਖ਼ਰਚੀ’ ’ਤੇ ਪਾਬੰਦੀ ਲਗਾਉਣ ਦੀ ਹਦਾਇਤ ਦਿੱਤੀ ਗਈ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਕੰਮ ਕਰਦੇ ਸੁਪਰਡੈਂਟ ਅਤੇ ਸੁਰੱਖਿਆ ਅਧਿਕਾਰੀ (ਡੀਐਸਪੀ) ਹੁਣ ਸਿਰਫ਼ ਚਾਹ ਅਤੇ ਬਿਸਕੁਟ ਲਈ ਪਰਚੀ ਭਰ ਸਕਣਗੇ। ਨਵੀਂ ਹਦਾਇਤ ਤਹਿਤ ਹੁਣ ਜੇਕਰ ਕੋਈ ਵਿਅਕਤੀ ਸੀਐਮਓ ਦਫ਼ਤਰ ਵਿੱਚ ਕਿਸੇ ਅਧਿਕਾਰੀ ਨੂੰ ਮਿਲਣ ਆਉਂਦਾ ਹੈ ਤਾਂ ਉਸ ਨੂੰ ਬਰਫ਼ੀ, ਪਕੌੜੇ ਆਦਿ ਨਹੀਂ ਸਗੋਂ ਸਿਰਫ਼ ਚਾਹ ਅਤੇ ਬਿਸਕੁਟ ਹੀ ਦਿੱਤੇ ਜਾਣਗੇ। ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਦੁੱਧ ਦੀ ਖ਼ਰੀਦ ਵਿਚ ਕਟੌਤੀ ਹੋਈ ਹੈ ਅਤੇ ਮੁੱਖ ਮੰਤਰੀ ਦਫਤਰ 'ਤੇ ਖਰਚੇ ਜਾਣ ਵਾਲੇ ਫੰਡਾਂ 'ਚ ਭਾਰੀ ਕਮੀ ਆਈ ਹੈ।