
ਮੀਂਹ ਕਾਰਨ ਤਾਪਮਾਨ 'ਚ 2 ਡਿਗਰੀ ਦੀ ਆਈ ਗਿਰਾਵਟ
ਮੁਹਾਲੀ: ਪੰਜਾਬ ਵਿਚ ਮੌਸਮ ਵਿਭਾਗ ਨੇ ਸੋਮਵਾਰ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਆਉਣ ਵਾਲੇ 72 ਘੰਟਿਆਂ 'ਚ ਵੱਖ-ਵੱਖ ਜ਼ਿਲਿਆਂ 'ਚ ਬਾਰਿਸ਼ ਜਾਰੀ ਰਹੇਗੀ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਪਏ ਮੀਂਹ ਕਾਰਨ ਔਸਤ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਸਮ 'ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਹੌਲੀ-ਹੌਲੀ ਤਾਪਮਾਨ 'ਚ ਵੀ ਗਿਰਾਵਟ ਆਵੇਗੀ।
ਇਹ ਵੀ ਪੜ੍ਹੋ: ਬੀਐਸਐਫ ਨੇ ਫ਼ਿਰੋਜ਼ਪੁਰ ਦੇ ਪਿੰਡ ਚੱਕ ਭੰਗੇ ਵਾਲਾ ਚੋਂ ਬਰਾਮਦ ਕੀਤਾ ਪਾਕਿਸਤਾਨੀ ਡਰੋਨ
ਬੀਤੀ ਰਾਤ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਫਰੀਦੀਕੋਟ ਵਿੱਚ 23 ਐਮਐਮ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਗੁਰਦਾਸਪੁਰ ਵਿੱਚ 21 ਐਮਐਮ ਮੀਂਹ ਪਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 3.5 ਮਿਲੀਮੀਟਰ, ਲੁਧਿਆਣਾ ਵਿੱਚ 3.6 ਮਿਲੀਮੀਟਰ, ਪਠਾਨਕੋਟ ਵਿੱਚ 9.4 ਮਿਲੀਮੀਟਰ ਅਤੇ ਜਲੰਧਰ ਵਿੱਚ 7.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪੰਜਾਬ 'ਚ ਅਗਲੇ 72 ਘੰਟਿਆਂ ਦੌਰਾਨ ਬਾਰਿਸ਼ ਜਾਰੀ ਰਹੇਗੀ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਝੂਲੇ ਤੋਂ ਡਿੱਗਣ ਕਾਰਨ ਬੱਚੇ ਦੀ ਹੋਈ ਮੌਤ
ਦੁਆਬੇ ਅਤੇ ਮਾਝੇ ਵਿੱਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ। ਅੱਜ ਇੱਥੇ ਰੁਕ-ਰੁਕ ਕੇ ਮੀਂਹ ਪਵੇਗਾ। ਮਾਝੇ ਵਿੱਚ ਧੁੱਪ ਨਿਕਲੀ ਹੈ ਪਰ ਸ਼ਾਮ ਤੱਕ ਮੁੜ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ- ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਬੀਤੇ ਦਿਨ ਦੇ ਮੁਕਾਬਲੇ 4.6 ਡਿਗਰੀ ਘੱਟ ਦਰਜ ਕੀਤਾ ਗਿਆ, ਜੋ ਕਿ 17.3 ਡਿਗਰੀ ਸੀ। ਜਦੋਂ ਕਿ ਬੀਤੀ ਰਾਤ ਅੰਮ੍ਰਿਤਸਰ ਵਿੱਚ 3.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।