
ਸ਼ਿਵ ਸੈਨਾ ਵੱਲੋਂ ਪ੍ਰੈੱਸ ਨੋਟ ਰਾਹੀਂ ਸੋਨੀ ਨੂੰ ਸੰਗਠਨ 'ਚੋਂ ਕੱਢਣ ਦਾ ਐਲਾਨ
ਗੁਰਦਾਸਪੁਰ - ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ਦੌਰਾਨ ਹੀ, ਸ਼ਿਵ ਸੈਨਾ ਦੇ ਹੋਰ ਆਗੂਆਂ ਵੱਲੋਂ ਸਿੱਖ ਭਾਈਚਾਰੇ ਤੇ ਧਰਮ ਵਿਰੁੱਧ ਇਤਰਾਜ਼ਯੋਗ ਸ਼ਬਦਾਵਲੀਆਂ ਬਦਸਤੂਰ ਜਾਰੀ ਹਨ। ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਸੁਧੀਰ ਸੂਰੀ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦੇਣ ਦੌਰਾਨ, ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਬਾਰਾ ਢਾਹੁਣ ਦਾ ਧਮਕੀ ਭਰੇ ਇਤਰਾਜ਼ਯੋਗ ਬਿਆਨ ਤੋਂ ਬਾਅਦ ਹਾਲਾਤ ਨਵੇਂ ਆਕਾਰ 'ਚ ਢਲ ਰਹੇ ਹਨ।
ਇਸ ਬਿਆਨ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀ ਅਤੇ ਇਸ ਮਾਮਲੇ ਬਾਬਤ ਸਿੱਖ ਜੱਥੇਬੰਦੀਆਂ ਅਤੇ ਹੋਰ ਸਮਾਜਿਕ ਸੰਗਠਨ ਵੱਲੋਂ 15 ਨਵੰਬਰ ਦੇ ਦਿਨ ਐੱਸ.ਐੱਸ.ਪੀ. ਦਫ਼ਤਰ ਗੁਰਦਾਸਪੁਰ ਵਿਖੇ ਇਕੱਠ ਕਰਕੇ ਸ਼ਾਂਤਮਈ ਧਰਨਾ ਲਗਾਇਆ ਗਿਆ। ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਐੱਸ.ਐੱਸ.ਪੀ ਨੂੰ ਇੱਕ ਮੰਗ ਪੱਤਰ ਦਿੱਤਾ, ਅਤੇ ਇਤਰਾਜ਼ਯੋਗ ਬਿਆਨਬਾਜ਼ੀ ਦੇ ਦੋਸ਼ੀ ਸ਼ਿਵ ਸੈਨਾ ਆਗੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਐੱਸ.ਐੱਸ.ਪੀ. ਤੇ ਪ੍ਰਸ਼ਾਸਨ ਵੱਲੋਂ ਸਾਡੇ ਤੋਂ ਕੁਝ ਸਮੇਂ ਦੀ ਮੰਗ ਕੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਮੁਲਜ਼ਮ ਖ਼ਿਲਾਫ਼ ਜ਼ਰੂਰ ਕਾਰਵਾਈ ਹੋਵੇਗੀ। ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ ਹਰਵਿੰਦਰ ਸੋਨੀ ਖ਼ਿਲਾਫ਼ ਛੇਤੀ ਅਤੇ ਢੁਕਵੀਂ ਕਾਰਵਾਈ ਨਾ ਹੋਈ, ਤਾਂ ਅਸੀਂ ਹੋਰ ਤਿੱਖਾ ਸੰਘਰਸ਼ ਅਰੰਭਾਂਗੇ।
ਜਿੱਥੇ ਸਿੱਖ ਜੱਥੇਬੰਦੀਆਂ ਹਰਵਿੰਦਰ ਸੋਨੀ ਦੀ ਗ੍ਰਿਫ਼ਤਾਰੀ ਲਈ ਬਜ਼ਿੱਦ ਹਨ, ਉੱਥੇ ਸੋਨੀ ਵੱਲੋਂ ਵੀ ਇਸ ਬਾਰੇ 'ਚ ਮੁਆਫ਼ੀਨਾਮੇ ਦਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਸੋਨੀ ਨੇ ਕਿਹਾ ਕਿ ਇਹ ਇਤਰਾਜ਼ਯੋਗ ਸ਼ਬਦ ਉਸ ਕੋਲੋਂ 'ਗ਼ਲਤੀ ਨਾਲ' ਬੋਲੇ ਗਏ। ਵੀਡੀਓ 'ਚ ਹਿੰਦੂ-ਸਿੱਖ ਭਾਈਚਾਰਕ ਸਾਂਝ ਵਧਾਉਣ ਦਾ ਹਵਾਲਾ ਦਿੰਦੇ ਹੋਏ ਸੋਨੀ ਨੇ ਇਹ ਮਾਮਲਾ 'ਖ਼ਤਮ' ਕਰਨ ਲਈ ਕਿਹਾ ਹੈ।
ਸਿੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਿਵ ਸੈਨਾ ਆਗੂ ਦਾ ਪੱਖ ਪੂਰਨ ਦੇ ਦੋਸ਼ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਐਫ਼.ਆਈ.ਆਰ. ਦਰਜ ਕਰਕੇ ਸੋਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਆਪਣਾ ਧਰਨਾ ਨਹੀਂ ਚੁੱਕਣਗੇ, ਅਤੇ ਅਗਲੀ ਰਣਨੀਤੀ ਤਹਿਤ ਇਹ ਧਰਨਾ ਹੋਰ ਵੱਡਾ ਤੇ ਤਿੱਖਾ ਕੀਤਾ ਜਾਵੇਗਾ। ਇਸ ਧਰਨੇ 'ਚ 'ਵਾਰਿਸ ਪੰਜਾਬ ਦੇ' ਦੇ ਆਗੂ ਅੰਮ੍ਰਿਤਪਾਲ ਸਿੰਘ ਦਾ ਨਾਂਅ ਪ੍ਰਮੁੱਖਤਾ 'ਤੇ ਲਿਆ ਜਾ ਰਿਹਾ ਹੈ, ਅਤੇ ਜੇਕਰ ਹਾਲਾਤ ਜਲਦ ਸੁਖਾਵੇਂ ਨਾ ਹੋਏ, ਤਾਂ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਇਸ ਧਰਨੇ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।
ਉੱਧਰ ਸ਼ਿਵ ਸੈਨਾ ਦੇ ਪਠਾਨਕੋਟ ਦਫ਼ਤਰ ਤੋਂ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਹਸਤਾਖਰਾਂ ਹੇਠ ਸ਼ਾਮ ਨੂੰ ਜਾਰੀ ਹੋਏ ਇੱਕ ਪ੍ਰੈੱਸ ਰਿਲੀਜ਼ ਵਿੱਚ ਹਰਵਿੰਦਰ ਸੋਨੀ ਨੂੰ ਸ਼ਿਵ ਸੈਨਾ ਵਿੱਚੋਂ ਕੱਢ ਦੇਣ ਦੀ ਗੱਲ ਕਹੀ ਗਈ ਹੈ।