ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਦਰਖ਼ਾਸਤ
ਅੰਮ੍ਰਿਤਸਰ - ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਬਾਰੇ ਦਿੱਤੇ ਧਮਕੀ ਭਰੇ ਇਤਰਾਜ਼ਯੋਗ ਬਿਆਨ ਤੋਂ ਬਾਅਦ ਸਿੱਖ ਜੱਥੇਬੰਦੀਆਂ ਅਤੇ ਸ਼ਿਵ ਸੈਨਾ ਆਗੂ ਵਿਚਕਾਰ ਖਿੱਚੋਤਾਣ ਜਾਰੀ ਹੈ। ਤਾਜ਼ਾ ਘਟਨਾਕ੍ਰਮ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਬਾਰੇ 'ਚ ਬਿਆਨ ਜਾਰੀ ਕੀਤੇ ਗਏ ਹਨ।
ਇਹ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੇਸਬੁੱਕ ਪੇਜ ਤੋਂ ਵੀਡੀਓ ਪਾ ਕੇ ਜਾਰੀ ਕੀਤੇ ਗਏ ਹਨ। ਪਹਿਲੇ ਵੀਡੀਓ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਕਨੂੰਨ ਹੱਥ 'ਚ ਨਹੀਂ ਲੈਂਦੇ, ਪਰ ਜੇਕਰ ਹਰਵਿੰਦਰ ਸੋਨੀ ਕਹੇ ਤਾਂ ਅਸੀਂ ਉਸ ਨਾਲ ਦੇਖਣ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹਿੰਦੂ-ਸਿੱਖ ਭਾਈਚਾਰੇ ਵਿਚਕਾਰ ਭੜਕਾਹਟ ਪੈਦਾ ਕਰਨ ਵਾਲੇ ਬਿਆਨ ਦੇਣ ਵਾਲੇ ਅਜਿਹੇ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰੇ।
ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਰਾਹੁਲ ਨੇ ਪਹਿਲਾਂ ਸਿੱਖਾਂ ਨੂੰ ਘਰੋਂ ਕੱਢ-ਕੱਢ ਕੇ ਮਾਰਨ ਦੀ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੋਵਾਂ ਖ਼ਿਲਾਫ਼ ਤੁਰੰਤ ਕਨੂੰਨੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਸਿੱਖ ਨਾ ਤਾਂ ਖ਼ੁਦ ਕਿਸੇ ਦੇ ਧਰਮ 'ਚ ਦਖਲ ਦਿੰਦੇ ਹਨ, ਅਤੇ ਨਾ ਹੀ ਆਪਣੇ ਧਰਮ 'ਚ ਦਖਲ ਬਰਦਾਸ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਣਦੀਆਂ ਧਾਰਾਵਾਂ ਲਗਾ ਕੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰੇ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰੇ।
ਇਸੇ ਪੇਜ ਤੋਂ ਜਾਰੀ ਇੱਕ ਹੋਰ ਵੀਡੀਓ 'ਚ ਉਨ੍ਹਾਂ ਰਾਹੁਲ ਅਤੇ ਹਰਵਿੰਦਰ ਸੋਨੀ ਬਾਰੇ ਬੋਲਦੇ ਕਿਹਾ ਕਿ ਇਨ੍ਹਾਂ ਨੂੰ ਪਤਾ ਨਹੀਂ ਕਿ ਸਿੱਖ ਕਦੇ ਕਿਸੇ ਦੀ ਭਾਜੀ ਰੱਖਦੇ ਨਹੀਂ, ਸਦਾ ਹੀ ਮੋੜਦੇ ਆਏ ਹਨ, ਚਾਹੇ ਅਬਦਾਲੀ ਸੀ, ਤੇ ਚਾਹੇ ਇੰਦਰਾ ਗਾਂਧੀ। ਉਨ੍ਹਾਂ ਕਿਹਾ ਕਿ ਸਿੱਖ ਪਹਿਲ ਨਹੀਂ ਕਰਦੇ, ਅਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਦਰਖ਼ਾਸਤ ਦਿੱਤੀ ਹੈ ਕਿ ਇਨ੍ਹਾਂ ਦੋਵਾਂ ਖ਼ਿਲਾਫ਼ ਬਣਦੀ ਕਨੂੰਨੀ ਕਾਰਵਾਈ ਅਮਲ ਹੇਠ ਲਿਆਂਦੀ ਆਵੇ। ਸਕੱਤਰ ਨੇ ਕਿਹਾ ਕਿ ਅਜਿਹੇ ਭੜਕਾਊ ਬਿਆਨਾਂ ਨਾਲ ਪੰਜਾਬ 'ਚ ਦੰਗੇ ਭੜਕਣ ਦੀ ਸ਼ੰਕਾ ਬਣ ਜਾਂਦੀ ਹੈ। ਸਕੱਤਰ ਪ੍ਰਤਾਪ ਸਿੰਘ ਨੇ ਵੀਡੀਓ 'ਚ ਦਰਖ਼ਾਸਤ ਬਾਰੇ ਦ੍ਰਿਸ਼ ਸ਼ਾਮਲ ਕੀਤੇ।