
ਹੋਲੇ ਮਹੱਲੇ ਮੌਕੇ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਇਸ ਵਾਰ ਨਿਹੰਗ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ।
ਅਨੰਦਪੁਰ ਸਾਹਿਬ (ਅਰਪਨ ਕੌਰ): ਹੋਲੇ ਮਹੱਲੇ ਮੌਕੇ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਇਸ ਵਾਰ ਨਿਹੰਗ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਸਿੱਖ ਇਕੱਠੇ ਹੋ ਕੇ ਐਸਜੀਪੀਸੀ ਨੂੰ ਇਕ ਸਿਆਸੀ ਧਿਰ ਦੇ ਕਬਜ਼ੇ ਵਿਚੋਂ ਛੁਡਾਉਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਗੁਲਾਮ ਜਥੇਦਾਰ ਕਿਵੇਂ ਇਨਸਾਫ਼ ਦਿਵਾ ਸਕਦ ਹੈ, ਉਹ ਖੁਦ ਲਿਫ਼ਾਫ਼ੇ 'ਚੋਂ ਨਿਕਲਿਆ ਹੋਇਆ ਹੈ।
ਸਿੰਘਾਂ ਵਲੋਂ ਇਹ ਗੁਰੂ ਮਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਪਾਸ ਕੀਤਾ ਗਿਆ। ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸਿੱਖ ਕੌਮ ਦੀ ਮਾਇਆ ਨਾਲ ਚੱਲਦਾ ਹੈ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸਿੱਖ ਕੌਮ ਦੇ ਪੜ੍ਹੇ-ਲਿਖੇ ਵਿਦਵਾਨ ਹਿੱਸਾ ਕਿਉਂ ਨਹੀਂ ਲੈ ਸਕਦੇ? ਸਿਰਫ਼ ਇਕ ਸਿਆਸੀ ਪਾਰਟੀ ਦੇ ਲੋਕ ਹੀ ਚੋਣਾਂ ਵਿਚ ਹਿੱਸਾ ਲੈ ਰਹੇ ਹਨ, ਇਹ ਸਿੱਖ ਕੌਮ ਲਈ ਬੇਹੱਦ ਘਾਤਕ ਹੈ।
ਉਹਨਾਂ ਦਾ ਕਹਿਣਾ ਹੈ ਕਿ ਦੁਨੀਆਂ ਭਰ ਦੇ ਸਿੱਖ ਇਹੀ ਚਾਹੁੰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਲੈ ਕੇ ਕੌਮ ਦਾ ਦਰਦ ਰੱਖਣ ਵਾਲੇ ਆਮ ਸਿੱਖਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ। ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜਥੇਦਾਰ ਤਾਂ ਆਪ ਗੁਲਾਮ ਹੈ, ਉਹ ਸਿੱਖਾਂ ਨੂੰ ਇਨਸਾਫ ਕਿਵੇਂ ਦੇ ਸਕਦੇ ਹਨ, ਉਹ ਖੁਦ ਲਿਫਾਫੇ ਵਿਚੋਂ ਨਿਕਲਿਆ ਹੋਇਆ ਹੈ।
ਉਹਨਾਂ ਕਿਹਾ ਕਿ ਸਾਨੂੰ ਅਪਣੀ ਤਾਕਤ ਨੂੰ ਪਛਾਣ ਕੇ ਪੰਥ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ। ਅਸੀਂ ਪੰਥ ਦੇ ਵਾਰਸ ਹਾਂ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਹੋਣਾ ਚਾਹੀਦਾ ਹੈ। ਸਾਨੂੰ ਜੋਸ਼ ਦੇ ਨਾਲ-ਨਾਲ ਹੋਸ਼ ਵਿਚ ਰਹਿਣਾ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਕਾਫੀ ਸਮੇਂ ਤੋਂ ਬਦਲਾਅ ਦੀ ਉਡੀਕ ਵਿਚ ਸੀ, ਇਸ ਲਈ ਉਹਨਾਂ ਨੇ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਹੈ। ਇਸੇ ਤਰ੍ਹਾਂ ਹੁਣ ਸਿੱਖ ਕੌਮ ਵੀ ਬਦਲਾਅ ਚਾਹੁੰਦੀ ਹੈ ਅਤੇ ਬਦਲਾਅ ਲਈ ਗੱਲ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।