ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਹੋਣ ਨਾਲ ਸਿਸਟਮ ਵਿਚ ਆਵੇਗੀ ਪਾਰਦਰਸ਼ਤਾ: ਡਾ.ਬਲਜੀਤ ਕੋਰ
1 ਜਨਵਰੀ 2023 ਤੋਂ ਲਾਭਪਾਤਰੀ ਇਸ ਦਾ ਲਾਭ ਲੈ ਸਕਣਗੇ: ਡਾ.ਬਲਜੀਤ ਕੌਰ
ਗਰੀਬ ਪਰਿਵਾਰ ਅਸ਼ੀਰਵਾਦ ਸਕੀਮ ਸਬੰਧੀ ਘਰ ਬੈਠੇ ਹੀ ਪੋਰਟਲ ਤੇ ਆਨਲਾਈਨ ਅਪਲਾਈ ਕਰਕੇ ਲੈ ਸਕਦੇ ਹਨ ਲਾਭ
ਚੰਡੀਗੜ੍ਹ : ਸੂਬੇ ਦੀ ਜਨਤਾ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਕਰਕੇ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ।
ਪੰਜਾਬ ਭਵਨ ਵਿਖੇ ਪੋਰਟਲ ਲਾਂਚ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਸਾਰੀਆਂ ਨਵੀਨਤਮ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੋਰਟਲ ਐਨ.ਆਈ.ਸੀ. ਪੰਜਾਬ ਦੇ ਡਿਪਟੀ ਡਾਇਰੈਕਟਰ (ਜਨਰਲ) ਅਤੇ ਐਸ.ਆਈ. ਸ੍ਰੀ ਵਿਵੇਕ ਵਰਮਾ ਦੀ ਟੀਮ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ ਅਤੇ ਇਸ ਨਾਲ ਆਸ਼ੀਰਵਾਦ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਯੋਗ ਲਾਭਪਾਤਰੀ ਘਰ ਬੈਠ ਕੇ ਆਨ ਲਾਈਨ ਅਪਲਾਈ ਕਰ ਸਕਣਗੇ। ਆਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਹੋਣ ਨਾਲ ਸਿਸਟਮ ਵਿੱਚ ਪਾਰਦਰਸ਼ਤਾ ਅਤੇ ਤੇਜੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਅਜਿਹੀਆਂ ਹੋਰ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ।
ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀ 31 ਦਸੰਬਰ, 2022 ਤੱਕ ਆਨਲਾਈਨ ਅਤੇ ਆਫਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਬੰਧਤਾਂ ਨੂੰ ਟਰੇਨਿੰਗ ਦੇਣ ਉਪਰੰਤ 1 ਜਨਵਰੀ, 2023 ਤੋਂ ਬਾਅਦ ਲਾਭਪਾਤਰੀ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਇਹ ਪੋਰਟਲ ਬਿਨਾਂ ਹਾਜ਼ਰ ਹੋਏ ਸੰਪਰਕ ਰਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਵੇਗਾ। ਇਹ ਸਬੰਧਤ ਵਰਗਾਂ ਨਾਲ ਸੰਚਾਰ ਕਰਨਾ ਵੀ ਸੁਖਾਲਾ ਬਣਾਏਗਾ, ਐਪਲੀਕੇਸ਼ਨ ਮੈਨੇਜਰ ਜ਼ਰੀਏ ਫਾਰਮ ਭਰਨ ਜਾਂ ਇਤਰਾਜ਼ਾਂ ਨੂੰ ਦੂਰ ਕਰਨ ਸਿੱਧੇ ਈਮੇਲ ਜਾਂ ਵਿਅਕਤੀਗਤ ਜਾਂ ਕਾਲ ਰਾਹੀਂ ਬਿਨੈਕਾਰ ਨਾਲ ਸੰਪਰਕ ਕਰ ਸਕੇਗਾ।
ਇਸ ਮੌਕੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਮੇਸ਼ ਕੁਮਾਰ ਗੈਂਟਾ, ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਸ੍ਰੀ ਟੀ.ਕੇ. ਗੋਇਲ, ਸੰਯੁਕਤ ਡਾਇਰੈਕਟਰ ਰਾਜ ਬਹਾਦੁਰ, ਡਿਪਟੀ ਡਾਇਰੈਕਟਰ ਸ੍ਰੀ ਪਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।