3 ਔਰਤਾਂ ਸਮੇਤ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ 8 ਲੱਖ ਰੁਪਏ ਕੀਤੇ ਬਰਾਮਦ
ਫਰੀਦਕੋਟ : ਡਾ. ਪ੍ਰਗਿਆ ਜੈਨ ਆਈ.ਪੀ.ਐਸ (ਐਸ.ਐਸ.ਪੀ) ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਗਲਤ ਅਨਸਰਾਂ ਖਿਲਾਫ ਜ਼ੀਰੋ ਟੌਲਰੈਂਸ ਦੀ ਨੀਤੀ ਅਪਣਾਈ ਹੋਈ ਹੈ। ਜਿਸਦੇ ਤਹਿਤ ਗਲਤ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸੇ ਲੜੀ ਤਹਿਤ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਬਲੈਕਮੇਲਿੰਗ ਕਰਕੇ 8 ਲੱਖ ਰੁਪਏ ਲੈਣ ਦੇ ਮਾਮਲੇ ਵਿੱਚ 3 ਮਹਿਲਾਵਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਹੋਏ ਮੁਲਜ਼ਮਾਂ ਦੀ ਪਹਿਚਾਣ ਹਰਨੀਤ ਸਿੰਘ ਵਾਸੀ ਘੁੱਦੂਵਾਲਾ, ਰਾਜਵਿੰਦਰ ਸਿੰਘ ਉਰਫ ਪੱਪੂ ਸਿਮਰੇਵਾਲਾ, ਵਰਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸੰਗਤਪੁਰਾ, ਪਰਮਜੀਤ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਪਹਿਲੂਵਾਲਾ, ਲਵਪ੍ਰੀਤ ਕੌਰ ਪਤਨੀ ਗੁਲਜਾਰ ਸਿੰਘ ਵਾਸੀ ਫਰੀਦਕੋਟ ਅਤੇ ਨਵਦੀਪ ਕੌਰ ਪੁਤਰੀ ਜਸਵੀਰ ਸਿੰਘ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਂ ਮੁਲਜ਼ਮਾਂ ਪਾਸੋਂ 8 ਲੱਖ ਰੁਪਏ ਵੀ ਬਰਾਮਦ ਕੀਤੇ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਫਰੀਦੋਕਟ ਪੁਲਿਸ ਦੇ ਧਿਆਨ ’ਚ ਇੱਕ ਮਾਮਲਾ ਆਇਆ ਸੀ, ਕਿ ਕਾਰੋਬਾਰੀ ਜੋ ਕਿ ਰਾਧਾ ਕ੍ਰਿਸ਼ਨ ਧਾਮ ਦੇ ਟਰੱਸਟ ਦਾ ਮੈਂਬਰ ਹੈ ਨੂੰ ਮਿਤੀ 9 ਨਵੰਬਰ ਨੂੰ ਕਾਲ ਆਈ ਸੀ, ਜੋ ਇੱਕ ਔਰਤ ਬੋਲ ਰਹੀ ਸੀ ਜਿਸ ਨੇ ਕਿਹਾ ਕਿ ਤੁਹਾਡੇ ਆਸ਼ਰਮ ਵਿੱਚ ਗਲਤ ਕੰਮ ਹੁੰਦੇ ਹਨ ਅਤੇ ਉਨ੍ਹਾਂ ਦੇ ਮੇਰੇ ਕੋਲ ਸਬੂਤ ਹਨ। ਤੁਸੀ ਮੈਨੂੰ ਡੈਂਟਲ ਕਾਲਜ ਦੇ ਨੇੜੇ ਆ ਕੇ ਮਿਲੋ ਅਤੇ ਮੁਦਈ ਉਸ ਔਰਤ ਨੂੰ ਮਿਲਣ ਚਲਾ ਗਿਆ। ਜਦੋਂ ਉਸ ਨੂੰ ਪੁੱਛਿਆ ਕਿ ਤੇਰੇ ਕੋਲ ਆਸ਼ਰਮ ਬਾਰੇ ਕੀ ਸਬੂਤ ਹਨ ਤਾਂ ਉਕਤ ਔਰਤ ਨੇ ਕਿਹਾ ਕਿ ਮੇਰੇ ਕੋਲ ਕੋਈ ਸਬੂਤ ਨਹੀਂ। ਔਰਤ ਨੇ ਕਿਹਾ ਕਿ ਮੇਰਾ ਬਾਹਰ ਦਾ ਵੀਜ਼ਾ ਲੱਗਿਆ ਹੈ ਅਤੇ ਤੁਸੀਂ ਮੈਨੂੰ 2-3 ਲੱਖ ਰੁਪਏ ਦਿਓ ਅਤੇ ਮੇਰੀ ਮਦਦ ਕਰੋ। ਇਸ ਤੋਂ ਬਾਅਦ ਰਾਧਾ ਕ੍ਰਿਸ਼ਨ ਨੇ ਔਰਤ ਨੂੰ ਗੱਡੀ ਵਿਚੋਂ ਉਤਾਰ ਦਿੱਤਾ।
ਇਸ ਤੋਂ ਬਾਅਦ ਰਾਧਾ ਕ੍ਰਿਸ਼ਨ ਨੂੰ ਲੜਕੀ ਨੂੰ ਕਾਰ ’ਚ ਬਿਠਾਉਣ ਕਰਕੇ ਰਿਸ਼ਤਾ ਟੁੱਟਣ ਦੀ ਕਾਰਵਾਈ ਕਰਵਾਉਣ ਦੀ ਧਮਕੀ ਦਿੱਤੀ ਅਤੇ ਰਾਜ਼ੀਨਾਮੇ ਲਈ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਮਾਮਲਾ 8 ਲੱਖ ਰੁਪਏ ਵਿਚ ਤੈਅ ਹੋ ਗਿਆ। ਮੁਲਜ਼ਮਾਂ ਵੱਲੋਂ ਰਾਧਾ ਕ੍ਰਿਸ਼ਨ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਮੇਰੀ ਵੀਡੀਓ ਵਾਇਰਲ ਕਰਨ ਅਤੇ ਮੁਕੱਦਮਾ ਕਰਵਾਉਣ ਦਾ ਡਰਾਵਾ ਦੇ ਕੇ 8 ਲੱਖ ਰੁਪਏ ਹਾਸਲ ਕੀਤੇ। ਥਾਣਾ ਸਦਰ ਫਰੀਦਕੋਟ ਨੇ ਦਰਜ ਮਾਮਲੇ ’ਤੇ ਕਾਰਵਾਈ ਕਰਦੇ ਹੋਏ 3 ਮਹਿਲਾਵਾਂ ਸਮੇਤ 6 ਮੁਲਜ਼ਮਾਂ ਨੂੰ ਪੈਲੀਕਨ ਪਲਾਜ਼ਾ ਨੇੜਿਓਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਬਲੈਕਮੇÇਲੰਗ ਕਰਕੇ ਲਏ ਗਏ 8 ਲੱਖ ਰੁਪਏ ਵੀ ਬਰਾਮਦ ਕੀਤੇ ਗਏ।
