
ਕਾਲੇ ਖੇਤੀ ਕਾਨੂੰਨਾਂ ਵਿਰੁਧ ਭਾਕਿਯੂ ਵਲੋਂ 15 ਜ਼ਿਲ੍ਹਿਆਂ ਵਿਚ ਰੋਸ ਮਾਰਚ
ਚੰਡੀਗੜ੍ਹ, 14 ਦਸੰੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੱਜ 15 ਜ਼ਿਲ੍ਹਿਆਂ ਵਿਚ ਵਿਸ਼ਾਲ ਰੋਸ ਮਾਰਚ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਹੈ ਕਿ ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਮੁਕਤਸਰ (ਡੀ ਸੀ ਅਤੇ ਐਸਡੀਐਮ ਲੰਬੀ), ਫ਼ਾਜਿਲਕਾ, ਫ਼ਿਰੋਜ਼ਪੁਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਵਿਚ 11 ਡੀਸੀ ਦਫ਼ਤਰਾਂ ਅਤੇ 5 ਸਬਡਵੀਜਨ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਲਾਉਣ ਉਪਰੰਤ ਬਾਜ਼ਾਰਾਂ ਵਿਚ ਰੋਹ-ਭਰਪੂਰ ਰੋਸ ਮਾਰਚ ਕੀਤੇ ਗਏ।
ਖ਼ਰਾਬ ਮੌਸਮ ਤੇ ਕੜਾਕੇ ਦੀ ਠੰਢ ਦੇ ਬਾਵਜੂਦ ਇਨ੍ਹਾਂ ਮਾਰਚਾਂ ਵਿਚ ਹਜ਼ਾਰਾਂ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ, ਬੱਚਿਆਂ ਤੇ ਨੌਜਵਾਨਾਂ ਸਮੇਤ ਹਰ ਵਰਗ ਦੇ ਇਨਸਾਫ਼ਪਸੰਦ ਲੋਕ ਸ਼ਾਮਲ ਹੋਏ। ਖਾਸ ਕਰ ਕੇ ਔਰਤਾਂ ਦੀ ਬਹੁਤ ਭਾਰੀ ਸ਼ਮੂਲੀਅਤ ਅਤੇ ਠਾਠਾਂ ਮਾਰਦਾ ਰੋਹ ਦੇਖਣਯੋਗ ਸੀ। ਇਸ ਦੌਰਾਨ 9 ਭਾਜਪਾ ਆਗੂਆਂ ਦੇ ਘਰਾਂ ਸਮੇਤ ਕਾਰਪੋਰੇਟਾਂ ਦੇ ਟੌਲ ਪਲਾਜ਼ਿਆਂ, ਸ਼ਾਪਿੰਗ ਮਾਲਾਂ, ਸੈਲੋ ਗੋਦਾਮਾਂ ਅਤੇ ਥਰਮਲ ਪਲਾਂਟਾਂ ਅੱਗੇ 40 ਥਾਈਂ 75 ਦਿਨਾਂ ਤੋਂ ਲੱਗੇ ਹੋਏ ਪੱਕੇ ਕਿਸਾਨ ਮੋਰਚੇ ਵੀ ਬਾਦਸਤੂਰ ਜਾਰੀ ਰਹੇ। ਇਕੱਠਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਗੁਰਮੀਤ ਸਿੰਘ ਕਿਸ਼ਨਪੁਰਾ, ਹਰਜਿੰਦਰ ਸਿੰਘ ਬੱਗੀ, ਜ਼ੋਰਾ ਸਿੰਘ ਨਸਰਾਲੀ, ਹਰਪ੍ਰੀਤ ਕੌਰ ਜੇਠੂਕੇ, ਜਸਵਿੰਦਰ ਸਿੰਘ ਲੌਂਗੋਵਾਲ, ਜੋਗਿੰਦਰ ਸਿੰਘ ਦਿਆਲਪੁਰਾ, ਹਰਦੀਪ ਸਿੰਘ ਟੱਲੇਵਾਲ, ਜਸਵੰਤ ਸਿੰਘ ਸੇਖੋਂ, ਕੁਲਦੀਪ ਸਿੰਘ ਮੱਤੇਨੰਗਲ, ਸਾਹਿਬ ਸਿੰਘ ਖੋਖਰ, ਗੁਰਪਾਲ ਸਿੰਘ ਨੰਗਲ ਆਦਿ ਸ਼ਾਮਲ ਸਨ।