
ਰਿਮਾਂਡ 'ਤੇ ਲਏ ਜਾਣਗੇ ਮੁਲਜ਼ਮ
ਖਰੜ - ਮੁਹਾਲੀ ਵਿਚ ਇੱਕ ਚੱਲਦੇ ਆਟੋ ਦੇ ਵਿਚ ਇੱਕ ਨਰਸ ਨਾਲ ਜਬਰ ਜਨਾਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਾਰਦਾਤ ਦੇ 12 ਘੰਟਿਆਂ ਦੇ ਅੰਦਰ ਕੇਸ ਨੂੰ ਸੁਲਝਾ ਲਿਆ ਹੈ। ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਆਟੋ ਨੂੰ ਵੀ ਕਬਜ਼ੇ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਟੋ ਵਿਚ ਲੜਕੀ ਤੋਂ ਇਲਾਵਾ ਦੋ ਵਿਅਕਤੀ ਸਨ, ਇੱਕ ਡਰਾਈਵਰ ਅਤੇ ਦੂਜਾ ਉਸ ਦਾ ਸਾਥੀ।
ਰਾਤ 10 ਵਜੇ ਦੇ ਕਰੀਬ ਲੜਕੀ ਨੇ ਆਪਣੇ ਘਰ ਜਾਣ ਲਈ ਖਰੜ ਤੋਂ ਆਟੋ ਲਿਆ, ਜਦੋਂ ਉਹ ਕੁਰਾਲੀ ਵੱਲ ਹਾਈਵੇਅ 'ਤੇ ਪਹੁੰਚੇ ਤਾਂ ਦੋਵਾਂ ਵਿਅਕਤੀਆਂ ਨੇ ਚੱਲਦੇ ਆਟੋ ਦੇ ਵਿਚ ਉਸ ਦੇ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ।ਪੀੜਤ ਲੜਕੀ ਨੇ ਖ਼ੁਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀ। ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਉਸ ਦੇ ਨਾਲ ਜਬਰ-ਜਨਾਹ ਕੀਤਾ।
ਫਿਲਹਾਲ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਐੱਸਐੱਸਪੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਦੇ ਹੋਰ ਅਜਿਹੇ ਅਪਰਾਧਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਰਿਮਾਂਡ 'ਤੇ ਲਵਾਂਗੇ। ਐਸਐਸਪੀ ਨੇ ਕਿਹਾ ਕਿ ਮੁਹਾਲੀ ਵਿਚ ਇਹ ਪਹਿਲਾ ਮਾਮਲਾ ਹੈ ਜਿਸ ਵਿਚ ਇੱਕ ਆਟੋ ਚਾਲਕ ਵੱਲੋਂ ਔਰਤ ਨਾਲ ਬਲਾਤਕਾਰ ਕੀਤਾ ਗਿਆ ਹੋਵੇ।