
ਕਿਹਾ, ਆਮ ਆਦਮੀ ਪਾਰਟੀ ਤਿੰਨ ਸਾਲਾਂ ’ਚ ਕੁਝ ਨਹੀਂ ਕਰ ਸਕੀ ਤਾਂ ਹੁਣ ਕੀ ਕਰੇਗੀ
ਲੁਧਿਆਣਾ : ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਨਗਰ ਨਿਗਮ ਚੋਣਾਂ ਲਈ ਲੁਧਿਆਣਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਨੂੰ ਹੀ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅੱਜ ਹਲਕਾ ਪਛਮੀ ਦੇ ਵਾਰਡ ਨੰ. 61 ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਸ਼ਿਵਾਨੀ ਕੁਸ਼ਾਗਰ ਕਸ਼ਯਪ ਦੇ ਨਵੇਂ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ।
ਉਨ੍ਹਾਂ ਕਿਹਾ, ‘‘ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਗਰ ਨਿਗਮ ਚੋਣਾਂ ’ਚ ਸਿਰਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰਾਂ ਨੂੰ ਵੋਟ ਦੇਣ ਕਿਉਂਕਿ ਲੁਧਿਆਣਾ ਦੇ ਜਿੰਨੇ ਵੀ ਪ੍ਰਾਜੈਕਟ ਹਨ, ਜਿਵੇਂ ਸਮਾਰਟ ਸਿਟੀ, 24 ਘੰਟੇ ਪਾਣੀ ਦਾ ਪ੍ਰਾਜੈਕਟ, ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਪੈਸਾ ਵੀ ਕੇਂਦਰ ਤੋਂ ਆਉਣਾ ਹੈ। ਪਿਛਲੇ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਸ਼ਹਿਰ ’ਚ ਕੋਈ ਪੈਸਾ ਨਹੀਂ ਲਿਆ ਸਕੀ। ਕਾਂਗਰਸ ਵੀ ਨਾ ਉੱਤੇ ਹੈ ਨਾ ਥੱਲੇ ਹੈ। ਉਨ੍ਹਾਂ ਨੂੰ ਵੋਟ ਪਾਉਣਾ ਤਾਂ ਖੂਹ ’ਚ ਸੁੱਟਣ ਬਰਾਬਰ ਹੈ। ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਔਰਤਾਂ 1000 ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕਰ ਸਕੇ, 1000 ਕਰੋੜ ਕਿਵੇਂ ਦੇਣਗੇ।’’
ਅਮਨ ਅਰੋੜਾ ਵਲੋਂ ਦਿਤੀ ਗਾਰੰਟੀ ਬਾਰੇ ਰਵਨੀਤ ਬਿੱਟੂ ਨੇ ਕਿਹਾ, ‘‘ਅਮਨ ਅਰੋੜਾ ਨੂੰ ਤਾਂ ਚਾਅ ਹੈ ਕਿਉਂਕਿ ਉਨ੍ਹਾਂ ਨੂੰ ਨਵਾਂ-ਨਵਾਂ ਅਹੁਦਾ ਮਿਲਿਆ ਹੈ। ਜੇਕਰ ਵਾਅਦਾ ਕਰਨਾ ਹੈ ਤਾਂ ਮੁੱਖ ਮੰਤਰੀ ਕਰਨ। ਇਨ੍ਹਾਂ ’ਤੇ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ, ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ 1000-1000 ਰੁਪਏ ਔਰਤਾਂ ਨੂੰ ਦੇਣ ਬਾਰੇ ਕਹਿ ਕੇ ਗਏ ਹਨ ਉਹ ਵੀ ਅੱਜ ਤਕ ਸਾਡੀਆਂ ਮਾਵਾਂ-ਭੈਣਾਂ ਨੂੰ ਨਹੀਂ ਮਿਲੇ। 2500 ਰੁਪਏ ਬੁਢਾਪਾ ਪੈਨਸ਼ਨ ਕਹਿ ਕੇ ਗਏ ਸਨ, ਉਹ ਵੀ ਅਜੇ ਤਕ ਕਿਸੇ ਨੂੰ ਨਹੀਂ ਮਿਲੀ। ਸ਼ਗਨ ਸਕੀਮ ਵੀ ਨਹੀਂ ਵਧੀ।’’
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਹਰ ਸ਼ਹਿਰ ਲਈ ਇਲੈਕਟਿ੍ਰਕ ਬਸਾਂ ਦੇਣ ਦੀ ਗੱਲ ਕੀਤੀ ਗਈ ਹੈ ਉਸ ਲਈ ਵੀ ਪੈਸਾ ਕੇਂਦਰ ਸਰਕਾਰ ਵਲੋਂ ਹੀ ਆਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ’ਚ 650 ਤੋਂ 700 ਰੁਪਏ ਲੈ ਕੇ ਆਏ ਸਨ ਪਰ ਉਨ੍ਹਾਂ ਨੂੰ ਅਜੇ ਤਕ ਪਤਾ ਨਹੀਂ ਪਤਾ ਲੱਗਾ ਉਹ ਪੈਸਾ ਕਿਥੇ ਗਿਆ। ਉਨ੍ਹਾਂ ਕਿਹਾ, ‘‘ਇਸ ਬਾਰੇ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।’’