Ludhiana News: ਵਾਸੂ ਵਜੋਂ ਹੋਈ ਪਛਾਣ
ਲੁਧਿਆਣਾ (ਰਾਕੇਸ਼) : ਵਿਦੇਸ਼ ਦਾ ਵੀਜ਼ਾ ਰੱਦ ਹੋਣ ’ਤੇ 20 ਸਾਲ ਦਾ ਨੌਜਵਾਨ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸ ਨੇ ਅਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਦਰੇਸੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਮੁਹੱਲਾ ਭਗਵਾਨ ਵਾਲਮੀਕੀ ਨਗਰ ਦੇ ਰਹਿਣ ਵਾਲੇ ਵਾਸੂ ਵਜੋਂ ਹੋਈ ਹੈ।
ਪੁਲਿਸ ਨੇ ਵਾਸੂ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਥਾਣਾ ਮੁਖੀ ਦੇ ਮੁਤਾਬਕ ਕਿ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਤੋਂ ਬਾਅਦ ਵਾਸੂ ਨੇ ਵਿਦੇਸ਼ ਜਾਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ। ਪਹਿਲੋਂ ਦੋ ਵਾਰ ਉਸ ਦਾ ਵੀਜ਼ਾ ਰੱਦ ਹੋ ਚੁੱਕਾ ਸੀ। ਇਸ ਵਾਰ ਵੀ ਉਸ ਨੇ ਵਿਦੇਸ਼ ਜਾਣ ਲਈ ਯਤਨ ਸ਼ੁਰੂ ਕੀਤੇ। ਥਾਣਾ ਦਰੇਸ਼ੀ ਦੇ ਇੰਚਾਰਜ ਗੁਰਮੀਤ ਸਿੰਘ ਦੇ ਮੁਤਾਬਕ ਇਸ ਵਾਰ ਜਦੋਂ ਉਸ ਨੂੰ ਫਿਰ ਤੋਂ ਪਤਾ ਲੱਗਾ ਕਿ ਉਸ ਦਾ ਵੀਜ਼ਾ ਰੱਦ ਹੋ ਗਿਆ ਹੈ ਤਾਂ ਉਹ ਬੇਹੱਦ ਪਰੇਸ਼ਾਨ ਹੋ ਗਿਆ।
ਸਵੇਰ ਵੇਲੇ ਪਰਵਾਰਕ ਮੈਂਬਰ ਜਦ ਉਸ ਦੇ ਕਮਰੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਲੜਕੇ ਨੇ ਕਮਰੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਥਾਣਾ ਮੁਖੀ ਨੇ ਦਸਿਆ ਕਿ ਪੋਸਟਮਾਟਮ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
