ਪੰਜਾਬ ਅਤੇ ਹਿਮਾਚਲ ਪ੍ਰਦੇਸ਼ ’ਚ 8 ਥਾਵਾਂ ’ਤੇ ED ਦੀ ਛਾਪੇਮਾਰੀ
ਧਰਮਸ਼ਾਲਾ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਵੱਡੀ ਕਾਰਵਾਈ ਕਰਦਿਆਂ 2300 ਕਰੋੜ ਰੁਪਏ ਦੇ ਫਰਜ਼ੀ ਕ੍ਰਿਪਟੋ ਕਰੰਸੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਈਡੀ ਨੇ ਅੱਠ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾ ਕੇ 1.2 ਕਰੋੜ ਰੁਪਏ ਦੇ ਬੈਂਕ ਬੈਲੈਂਸ, ਐਫ.ਡੀ. ਅਤੇ ਤਿੰਨ ਲਾਕਰ ਫ੍ਰੀਜ਼ ਕੀਤੇ ਹਨ। ਇਸ ਘਪਲੇ ਨਾਲ ਹਿਮਾਚਲ ਅਤੇ ਪੰਜਾਬ ਦੇ ਲੱਖਾਂ ਨਿਵੇਸ਼ਕਾਂ ਨੂੰ ਠੱਗਿਆ ਗਿਆ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਪਲੇ ਦਾ ਮਾਸਟਰ ਮਾਈਂਡ ਸੁਭਾਸ਼ ਸ਼ਰਮਾ ਸਾਲ 2023 ਵਿੱਚ ਹੀ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ । ਈਡੀ ਨੇ ਇਹ ਕਾਰਵਾਈ ਹਿਮਾਚਲ ਅਤੇ ਪੰਜਾਬ ਪੁਲਿਸ ਵੱਲੋਂ ਦਰਜ ਕੀਤੀਆਂ ਕਈ ਐਫ.ਆਈ.ਆਰਜ਼. ਦੇ ਆਧਾਰ 'ਤੇ ਕੀਤੀ ਹੈ । ਇਹ ਐਫ.ਆਈੇ.ਆਰਜ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ), ਆਈ.ਪੀ.ਸੀ., ਚਿੱਟ ਫੰਡ ਐਕਟ ਅਤੇ ਅਨਿਯਮਿਤ ਜਮ੍ਹਾਂ ਯੋਜਨਾਵਾਂ ਨਾਲ ਸਬੰਧਤ ਹਨ।
ਈਡੀ ਮੁਤਾਬਕ ਮੁਲਜ਼ਮਾਂ ਨੇ 'ਕੋਰਵੀਓ', 'ਵੌਸਕ੍ਰੋ', 'ਡੀਜੀਟੀ', 'ਹਾਈਪਨੈਕਸਟ' ਅਤੇ 'ਏ-ਗਲੋਬਲ' ਵਰਗੇ ਫਰਜ਼ੀ ਕ੍ਰਿਪਟੋ ਪਲੈਟਫਾਰਮ ਬਣਾਏ ਸਨ । ਇਨ੍ਹਾਂ ਪਲੇਟ ਫਾਰਮਾਂ ਰਾਹੀਂ ਨਿਵੇਸ਼ਕਾਂ ਨੂੰ ਉੱਚੇ ਰਿਟਰਨ ਦਾ ਲਾਲਚ ਦਿੱਤਾ ਗਿਆ। ਅਸਲ ਵਿੱਚ ਇਹ ਸਾਰੀਆਂ ਫਰਜੀ ਸਕੀਮਾਂ ਸਨ, ਜਿਨ੍ਹਾਂ ਵਿੱਚ ਨਵੇਂ ਨਿਵੇਸ਼ਕਾਂ ਦੇ ਪੈਸੇ ਦੀ ਵਰਤੋਂ ਪੁਰਾਣੇ ਨਿਵੇਸ਼ਕਾਂ ਨੂੰ ਭੁਗਤਾਨ ਕਰਨ ਲਈ ਕੀਤੀ ਜਾਂਦੀ ਸੀ।
ਤਲਾਸ਼ੀ ਮੁਹਿੰਮ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਮੁਲਜ਼ਮਾਂ ਨੇ ਫਰਜ਼ੀ ਕ੍ਰਿਪਟੋ ਟੋਕਨ ਬਣਾ ਕੇ ਉਨ੍ਹਾਂ ਦੀਆਂ ਕੀਮਤਾਂ ਵਿੱਚ ਮਨਮਾਨੀ ਹੇਰਾਫੇਰੀ ਕੀਤੀ। ਧੋਖਾਧੜੀ ਨੂੰ ਲੁਕਾਉਣ ਲਈ ਬਾਰ-ਬਾਰ ਬ੍ਰਾਂਡ ਨਾਂ ਬਦਲੇ ਗਏ। ਇਸ ਘਪਲੇ ਤੋਂ ਕਰੋੜਾਂ ਰੁਪਏ ਕਮਾਏ ਅਤੇ ਵਿਦੇਸ਼ੀ ਟ੍ਰਿਪਾਂ ਅਤੇ ਇਵੈਂਟਾਂ ਰਾਹੀਂ ਨਵੇਂ ਨਿਵੇਸ਼ਕਾਂ ਨੂੰ ਜੋੜਿਆ।
