ਕਬੱਡੀ ਕੋਚ ਰਾਣਾ ਬਲਾਚੋਰੀਆ ਦੇ ਕਤਲ ’ਤੇ ਭਾਜਪਾ ਆਗੂ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ
ਮੋਹਾਲੀ : ਸੈਕਟਰ 82 ਵਿਚ ਕਬੱਡੀ ਮੈਚ ਦੌਰਾਨ ਹੋਏ ਕਬੱਡੀ ਕੋਚ ਰਾਣਾ ਬਲਾਚੋਰੀਆ ਦੇ ਕਤਲ ’ਤੇ ਭਾਰਤੀ ਜਨਤਾ ਪਾਰਟੀ ਆਗੂ ਅਸ਼ਵਨੀ ਸ਼ਰਮਾ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਇਸ ਕਦਰ ਅਸੁਰੱਖਿਅਤ ਬਣ ਚੁੱਕਾ ਹੈ ਕਿ ਹੁਣ ਕਬੱਡੀ ਦਾ ਮੈਦਾਨ ਵੀ ਗੋਲੀਆਂ ਤੋਂ ਨਹੀਂ ਬਚਿਆ।
ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ, ‘‘ਮੋਹਾਲੀ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ (ਬਲਰਾਜ ਰਾਣਾ) ਨੂੰ ਖਿਡਾਰੀਆਂ ਅਤੇ ਦਰਸ਼ਕਾਂ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਹੋਰ ਵੀ ਦਰਦਨਾਕ ਇਸ ਲਈ ਹੈ ਕਿਉਂਕਿ ਰਾਣਾ ਬਲਾਚੌਰੀਆ ਦੇ ਵਿਆਹ ਨੂੰ ਸਿਰਫ਼ 10-15 ਦਿਨ ਹੀ ਹੋਏ ਸਨ—ਇੱਕ ਨਵੀਂ ਬਣੀ ਜ਼ਿੰਦਗੀ ਨੂੰ ਗੈਂਗਸਟਰ ਰਾਜ ਨੇ ਬੇਰਹਿਮੀ ਨਾਲ ਖਤਮ ਕਰ ਦਿੱਤਾ।’’
ਉਨ੍ਹਾਂ ਅੱਗੇ ਕਿਹਾ, ‘‘ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਜਗਰਾਓਂ ਦੇ ਤੇਜਪਾਲ ਸਿੰਘ ਦੀ ਬੇਰਹਿਮੀ ਨਾਲ ਕਤਲ ਹੋ ਚੁੱਕਾ ਹੈ। ਇਹ ਸਾਰੀਆਂ ਘਟਨਾਵਾਂ ਇੱਕੋ ਗੱਲ ਸਾਫ਼ ਕਰਦੀਆਂ ਹਨ—ਭਗਵੰਤ ਮਾਨ ਸਰਕਾਰ ਦੇ ਦੌਰ ਵਿੱਚ ਪੰਜਾਬ ਦੇ ਖਿਡਾਰੀ ਵੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ।’’
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਨਾਕਾਮ ਅਗਵਾਈ ਅਤੇ ਅਰਵਿੰਦ ਕੇਜਰੀਵਾਲ ਦੀ ਦਿੱਲੀ ਤੋਂ ਚੱਲਦੀ ਰਿਮੋਟ-ਕੰਟਰੋਲ ਸਰਕਾਰ ਹੇਠ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫ਼ੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ, ‘‘ਅਪਰਾਧੀ , ਗੈਂਗਸਟਰ , ਕਾਤਲ ਅਤੇ ਸ਼ੂਟਰ ਬਿਨਾਂ ਕਿਸੇ ਡਰ ਦੇ ਘੁੰਮ ਰਹੇ ਹਨ, ਜਦਕਿ ਸਰਕਾਰ ਇਸ਼ਤਿਹਾਰਾਂ ਅਤੇ ਝੂਠੇ ਦਾਅਵਿਆਂ ਵਿੱਚ ਵਿਆਸਤ ਹੈ। ਪਿੰਡਾਂ ਤੋਂ ਸ਼ਹਿਰਾਂ ਤੱਕ, ਗਲੀਆਂ ਤੋਂ ਸਟੇਡੀਅਮਾਂ ਤੱਕ—ਅੱਜ ਪੰਜਾਬ ਵਿੱਚ ਡਰ ਦਾ ਮਾਹੌਲ ਹੈ। ਇਹ “ਬਦਲਾਅ” ਨਹੀਂ, ਇਹ ਗੈਂਗਲੈਂਡ ਹੈ।’’
ਜ਼ਿਕਰਯੋਗ ਹੈ ਕਿ ਬੈਦਵਾਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਚਾਰ ਰੋਜ਼ਾ ਮੈਚ ਵਿੱਚ ਕੁੱਝ ਕਾਰ ਵਿਚ ਸਵਾਰਾਂ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਜ਼ਖਮੀ ਨੂੰ ਡੀ.ਐਸ.ਪੀ. ਹਰ ਸਿੰਘ ਬੱਲ ਖੁਦ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
