
ਸਾਫ਼ ਪੀਣਯੋਗ ਪਾਣੀ ਹਰੇਕ ਮਨੁੱਖ ਦੀ ਮੁਢਲੀ ਲੋੜ ਹੈ ਪਰ ਪੰਜਾਬ ਜਿਸ ਦਾ ਨਾਮ ਹੀ ਪੰਜ ਦਰਿਆਵਾਂ ਕਾਰਨ ਪਿਆ ਹੈ, ਦੇ ਲੋਕ ਇਸ ਸਮੇਂ ਸਾਫ ਪਾਣੀ ਲਈ ਤਰਸ ਰਹੇ ਹਨ....
ਭਾਈ ਰੂਪਾ : ਸਾਫ਼ ਪੀਣਯੋਗ ਪਾਣੀ ਹਰੇਕ ਮਨੁੱਖ ਦੀ ਮੁਢਲੀ ਲੋੜ ਹੈ ਪਰ ਪੰਜਾਬ ਜਿਸ ਦਾ ਨਾਮ ਹੀ ਪੰਜ ਦਰਿਆਵਾਂ ਕਾਰਨ ਪਿਆ ਹੈ, ਦੇ ਲੋਕ ਇਸ ਸਮੇਂ ਸਾਫ ਪਾਣੀ ਲਈ ਤਰਸ ਰਹੇ ਹਨ। ਹਰੇਕ ਸਰਕਾਰ ਲੋਕਾਂ ਨੂੰ ਪੀਣ ਯੋਗ ਪਾਣੀ ਲਈ ਵਧੀਆ ਜਲ ਵਿਵਸਥਾ ਦੇ ਦਾਅਦੇ ਕਰਦੀ ਹੈ, ਪਰ ਹਕੀਕਤ ਵਿਚ ਇਹ ਪੂਰੇ ਨਹੀਂ ਹੋ ਰਹੇ। ਮਾਲਵਾ ਇਲਾਕੇ ਵਿਚ ਸਮੇਂ ਦੀਆਂ ਸਰਕਾਰਾਂ ਵਲੋਂ ਬਣਾਏ ਜਲ ਘਰਾਂ ਦੀ ਮੰਦੀ ਕਾਰਗੁਜ਼ਾਰੀ ਕਾਰਨ ਲੋਕਾਂ ਨੂੰ ਧਰਤੀ ਹੇਠਲਾ ਖਾਰਾ ਅਤੇ ਬੇਸੁਆਦਾ ਪਾਣੀ ਵਰਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਜਿਸ ਕਾਰਨ ਉਹ ਕੈਂਸਰ, ਗੋਡਿਆਂ ਦਾ ਦਰਦ, ਛੋਟੀ ਉਮਰੇ ਵਾਲ ਚਿੱਟੇ ਹੋਣਾ, ਸਾਹ-ਦਮਾ ਸਮੇਤ ਅਨੇਕਾਂ ਭਿਆਨਕ ਬਿਮਾਰੀਆਂ ਦਾ ਸਿਕਾਰ ਹੋ ਰਹੇ ਹਨ।
ਲੱਗਭਗ ਢਾਈ-ਤਿੰਨ ਦਹਾਕੇ ਪਹਿਲਾਂ ਬਣੇ ਜਲ ਘਰ ਪਿੰਡਾਂ ਦੇ ਵੱਡੇ ਹਿੱਸੇ ਨੂੰ ਪਾਣੀ ਦੀ ਸਪਲਾਈ ਦੇਣ ਤੋਂ ਅਸਮੱਰਥ ਹਨ। ਇਸ ਸਮੇਂ ਹਲਾਤ ਇਹ ਹਨ ਕਿ ਕਿਸੇ ਜਲ ਘਰ ਦੀ ਟੈਂਕੀ ਲੀਕ ਹੈ, ਕਿਸੇ ਦੀ ਪਾਣੀ ਵਾਲੀ ਟੈਂਕੀ ਦਾ ਢੱਕਣ ਹੀ ਗਾਇਬ ਹੈ। ਜਿਸ ਕਰਨ ਇਸ ਵਿਚ ਕੋਈ ਚੀਜ ਡਿੱਗ ਸਕਦੀ ਹੈ। ਪਿੰਡਾਂ ਵਿਚ ਸਪਲਾਈ ਲਈ ਪਾਈਆਂ ਪਾਈਪਾਂ ਥਾਂ-ਥਾਂ ਤੋਂ ਕੰਡਮ ਹਨ ਅਤੇ ਚਾਰ ਦੀਵਾਰੀਆਂ ਨਾ ਹੋਣ ਕਰਨ ਅਵਾਰਾ ਪਸ਼ੂ ਜਲ ਘਰਾਂ ਅੰਦਰ ਦਾਖਲ ਹੋ ਜਾਂਦੇ ਹਨ।
ਕਈ ਥਾਈਂ ਗੰਦੇ ਪਾਣੀ ਦਾ ਛੱਪੜ ਜਲ ਘਰਾਂ ਦੇ ਸਟੋਰ ਟੈਂਕਾਂ ਦੇ ਬਿਲਕੁਲ ਨਾਲ ਹਨ ਅਤੇ ਬਰਸਾਤ ਦੇ ਦਿਨਾਂ ਵਿਚ ਗੰਦਾ ਪਾਣੀ ਸਟੋਰ ਟੈਂਕ ਵਿਚ ਦਾਖਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ਤੇ ਚੌਕੀਦਾਰਾਂ ਅਤੇ ਮਾਲੀ ਦੀਆਂ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ਅਨੇਕਾਂ ਪਿੰਡਾਂ ਦੇ ਜਲ ਘਰ ਸਾਂਝੇ ਹਨ। ਪਰ ਹੁਣ ਅਬਾਦੀ ਵਧਣ ਕਾਰਨ ਸਾਰੇ ਲੋਕਾਂ ਨੂੰ ਜਰੂਰਤ ਮੁਤਾਬਕ ਪਾਣੀ ਸਪਲਾਈ ਨਹੀਂ ਮਿਲ ਰਹੀ। ਕੁਝ ਪਿੰਡਾਂ ਵਿਚ ਸਰਕਾਰ ਵੱਲੋਂ ਜਲ ਘਰਾਂ ਦਾ ਪ੍ਰਬੰਧ ਪੰਚਾਇਤਾਂ ਨੂੰ ਸੌਂਪਿਆ ਗਿਆ ਹੈ। ਪੰਚਾਇਤਾਂ ਵੋਟ ਰਾਜਨੀਤੀ ਕਾਰਨ ਸਮੇਂ ਸਿਰ ਬਿੱਲ ਨਹੀਂ ਭਰਵਾਉਂਦੀਆਂ,
ਜਿਸ ਕਾਰਨ ਜਲ ਘਰਾਂ ਦੇ ਕੁਨੈਕਸ਼ਨ ਕੱਟੇ ਜਾਂਦੇ ਹਨ ਅਤੇ ਲੋਕ ਪਾਣੀ ਤੋਂ ਵਾਂਝੇ ਰਹਿ ਜਾਂਦੇ ਹਨ। ਕੁਲ ਮਿਲਾ ਕੇ ਜਿਆਦਾਤਰ ਜਲ ਘਰਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੀ ਕਹੀ ਜਾ ਸਕਦੀ ਹੈ। ਲੋੜ ਇਸ ਗੱਲ ਦੀ ਹੈ ਕਿ ਪਿੰਡਾਂ ਦੀ ਵੱਡੀ ਆਬਾਦੀ ਨੂੰ ਧਿਆਨ ਵਿਚ ਰੱਖਦੇ ਹੋਏ ਵੱਡੇ ਪਿੰਡਾਂ ਵਿਚ ਹੋਰ ਜਲ ਘਰ ਬਣਾਏ ਜਾਣ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪੀਣ ਵਾਲਾ ਪਾਣੀ ਤਾਂ ਆਰ.ਓ. ਤੋਂ ਲੈ ਕੇ ਡੰਗ ਸਾਰ ਲੈਂਦੇ ਹਨ ਪਰ ਕੱਪੜੇ ਧੋਣ,
ਘਰਾਂ ਵਿਚ ਲੱਗੇ ਫੁੱਲ ਬੂਟਿਆਂ ਅਤੇ ਪਸ਼ੂਆਂ ਦੇ ਪੀਣ ਲਈ ਲਈ ਜਲ ਘਰ ਦੇ ਪਾਣੀ ਦੀ ਬਹੁਤ ਜਿਆਦਾ ਜਰੂਰਤ ਹੈ। ਮਜ਼ਦੂਰ ਆਗੂ ਤੀਰਥ ਸਿੰਘ ਕੋਠਾਗੁਰੂ ਦਾ ਕਹਿਣਾ ਹੈ ਕਿ ਅਮੀਰ ਲੋਕ ਤਾਂ ਆਪਣੇ ਘਰਾਂ ਵਿਚ ਬੋਰ ਕਰਕੇ ਮੱਛੀ ਮੋਟਰਾਂ ਲਗਾ ਸਕਦੇ ਹਨ ਪਰ ਅਜੋਕੇ ਮਹਿਗਾਈ ਦੇ ਯੁੱਗ ਵਿਚ ਗਰੀਬ ਲੋਕਾਂ ਲਈ ਅਜਿਹਾ ਕਰਨਾ ਸੰਭਵ ਨਹੀਂ।ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਮਾੜੇ ਪਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡਾਂ ਵਿਚ ਨਹਿਰੀ ਪਾਣੀ ਦੀ ਸਪਲਾਈ 'ਤੇ ਅਧਾਰਿਤ ਨਵੇਂ ਜਲ ਘਰ ਸਥਾਪਿਤ ਕੀਤੇ ਜਾਣ।