
ਇਲਾਕੇ ਭਰ ਵਿਚ 'ਕੁਦਰਤ ਦੇ ਰਾਖੇ' ਵਜੋਂ ਜਾਣਿਆ ਜਾਂਦਾ ਸਰਕਾਰੀ ਅਧਿਆਪਕ ਰਣਜੀਤ ਸਿੰਘ ਛੀਨਾ......
ਬਟਾਲਾ : ਇਲਾਕੇ ਭਰ ਵਿਚ 'ਕੁਦਰਤ ਦੇ ਰਾਖੇ' ਵਜੋਂ ਜਾਣਿਆ ਜਾਂਦਾ ਸਰਕਾਰੀ ਅਧਿਆਪਕ ਰਣਜੀਤ ਸਿੰਘ ਛੀਨਾ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿਚ ਲਗਾਤਾਰ ਅਪਣਾ ਯੋਗਦਾਨ ਪਾ ਰਿਹਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਜੌਹਲ ਵਿਖੇ ਅਪਣੀਆਂ ਸੇਵਾਵਾਂ ਨਿਭਾ ਰਹੇ ਮਾਸਟਰ ਰਣਜੀਤ ਸਿੰਘ ਛੀਨਾ ਜਿਥੇ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਵੰਡ ਰਹੇ ਹਨ, ਉਥੇ ਉਹ ਵਾਤਾਵਰਨ ਦੀ ਸੰਭਾਲ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਨਾਲ ਖੁਦ ਵੀ ਅਪਣੇ ਯਤਨ ਕਰ ਰਿਹਾ ਹੈ। ਮਾਸਟਰ ਰਣਜੀਤ ਸਿੰਘ ਛੀਨਾ ਹੁਣ ਤੱਕ ਹਜ਼ਾਰਾਂ ਪੌਦੇ ਲਗਾ ਕੇ ਇਸ ਸੁੰਦਰ ਧਰਤ ਨੂੰ ਹੋਰ ਖ਼ੂਬਸੂਰਤ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਚੁੱਕਾ ਹੈ
ਅਤੇ ਉਹ ਪਿਛਲੇ 2 ਦਹਾਕਿਆਂ ਤੋਂ ਪੂਰੀ ਸਮਰਪਣ ਭਾਵਨਾ ਨਾਲ ਇਸ ਖੇਤਰ ਵਿੱਚ ਲੱਗਿਆ ਹੋਇਆ ਹੈ। ਮਾਸਟਰ ਰਣਜੀਤ ਸਿੰਘ ਛੀਨਾ ਜਿਥੇ ਪੌਦੇ ਲਗਾਉਂਦਾ ਹੈ ਉਥੇ ਉਹ ਅੱਜ ਕੱਲ ਧਾਰਮਿਕ ਸਮਾਗਮ ਦੌਰਾਨ ਲੱਗਦੇ ਲੰਗਰਾਂ ਕਾਰਨ ਖਿਲਰੇ ਹੋਏ ਡਿਸਪੋਜ਼ਲ ਨੂੰ ਇਕੱਠਿਆਂ ਕਰਨ ਦੀ ਸੇਵਾ ਵੀ ਕਰ ਰਿਹਾ ਹੈ। ਉਹ ਸਕੂਲੋਂ ਆ ਕੇ ਅਤੇ ਛੁੱਟੀ ਵਾਲੇ ਦਿਨ ਆਪਣੇ ਘਰ ਤੋਂ ਵੱਡੀਆਂ ਬੋਰੀਆਂ ਲੈ ਕੇ ਚੱਲ ਪੈਂਦਾ ਹੈ ਅਤੇ ਰਸਤੇ ਵਿੱਚ ਜਿਥੇ ਵੀ ਪਲਾਸਟਿਕ ਜਾਂ ਡਿਸਪੋਜ਼ਲ ਦੀਆਂ ਪਲੇਟਾਂ ਆਦਿ ਖਿਲਰੀਆਂ ਪਈਆਂ ਹੁੰਦੀਆਂ ਹਨ ਉਨ੍ਹਾਂ ਨੂੰ ਇਕੱਠਾ ਕਰ ਕੇ ਨਸ਼ਟ ਕਰ ਦਿੰਦਾ ਹੈ।
ਮਾਸਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਅਕਸਰ ਹੀ ਨਗਰ ਕੀਰਤਨ, ਸ਼ੋਭਾ ਯਾਤਰਾ ਦੌਰਾਨ ਜਾਂ ਸੜਕਾਂ ਕਿਨਾਰੇ ਲਗਾਏ ਜਾਂਦੇ ਲੰਗਰ ਮੌਕੇ ਸੰਗਤਾਂ ਨੂੰ ਡਿਸਪੋਜ਼ਲ ਦੀਆਂ ਪਲੇਟਾਂ ਕੌਲੀਆਂ ਵਿੱਚ ਲੰਗਰ ਵਰਤਾਇਆ ਜਾਂਦਾ ਹੈ ਅਤੇ ਬਹੁਤੀ ਵਾਰ ਇਸ ਡਿਸਪੋਜ਼ਲ ਨੂੰ ਸਾਂਭਣ ਦੇ ਕੋਈ ਢੁਕਵੇਂ ਪ੍ਰਬੰਧ ਵੀ ਨਹੀਂ ਕੀਤੇ ਜਾਂਦੇ ਜਿਸ ਕਾਰਨ ਕਈ-ਕਈ ਦਿਨ ਇਹ ਖਿਲਾਰਾ ਸੜਕਾਂ ਉੱਪਰ ਪਿਆ ਰਹਿੰਦਾ ਹੈ। ਉਸਨੇ ਕਿਹਾ ਕਿ ਲੰਗਰ ਲਗਾਉਣ ਵਾਲੀਆਂ ਸੰਗਤਾਂ ਨੂੰ ਇਸ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਅਤੇ ਡਿਸਪੋਜ਼ਲ ਨਾਲ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਮਾਸਟਰ ਰਣਜੀਤ ਸਿੰਘ ਛੀਨਾ ਸੜਕਾਂ ਉੱਪਰ ਮਰੇ ਜਾਨਵਰਾਂ ਨੂੰ ਦਬਾਉਣ ਦੀ ਸੇਵਾ ਵੀ ਲੰਮੇ ਸਮੇਂ ਤੋਂ ਕਰ ਰਿਹਾ ਹੈ। ਉਹ ਆਪਣੀ ਗੱਡੀ ਵਿੱਚ ਹਮੇਸ਼ਾਂ ਕਹੀ, ਬਾਲਟਾ ਆਦਿ ਸਮਾਨ ਰੱਖਦਾ ਹੈ ਅਤੇ ਰਸਤੇ ਜਾਂਦਿਆਂ ਜੇਕਰ ਉਸਨੂੰ ਸੜਕ ਉੱਪਰ ਕੋਈ ਜਾਨਵਰ ਮਰਿਆ ਦਿਖ ਜਾਵੇ ਤਾਂ ਉਹ ਫੋਰਨ ਆਪਣੀ ਗੱਡੀ ਰੋਕ ਕੇ ਸੜਕ ਕਿਨਾਰੇ ਟੋਇਆ ਪੁੱਟ ਕੇ ਉਸਨੂੰ ਦਬਾ ਦਿੰਦਾ ਹੈ। ਮਾਸਟਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਤਰਾਂ ਕਰਾ ਕੇ ਉਸਨੂੰ ਦਿਲੀ ਸਕੂਨ ਮਿਲਦਾ ਹੈ। ਉਹ ਕਹਿੰਦਾ ਹੈ ਕਿ ਜੇਕਰ ਮਰੇ ਜਾਨਵਰ ਨੂੰ ਨਾ ਦਬਾਇਆ ਜਾਵੇ ਤਾਂ ਉਸਦੀ ਲਾਸ਼ ਗਲ-ਸੜ ਕੇ ਬਦਬੂ ਪੈਦਾ ਕਰਦੀ ਹੈ
ਜੋ ਕਿ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਮਾਸਟਰ ਰਣਜੀਤ ਸਿੰਘ ਛੀਨਾ ਪੂਰੀ ਤਰਾਂ ਵਾਤਾਵਰਨ ਦੀ ਸਫ਼ਾਈ ਅਤੇ ਸ਼ੁੱਧਤਾ ਨੂੰ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ ਅਤੇ ਇਲਾਕੇ ਦੇ ਲੋਕ ਉਸਨੂੰ 'ਕੁਦਰਤ ਦਾ ਰਾਖਾ' ਕਹਿ ਕੇ ਸੰਬੋਧਨ ਕਰਦੇ ਹਨ। ਲੰਗਰ ਦੌਰਾਨ ਡਿਸਪੋਜ਼ਲ ਦੇ ਪਏ ਖਿਲਾਰੇ ਨੂੰ ਸਾਂਭਣ ਦੀ ਸੇਵਾ ਕਰ ਰਿਹਾ ਹੈ ਰਣਜੀਤ ਸਿੰਘ ਛੀਨਾਨ ਵਾਤਾਵਰਨ ਦੀ ਸਫ਼ਾਈ ਅਤੇ ਸ਼ੁੱਧਤਾ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਜਾ ਰਿਹਾ ਹੈ