
ਭਾਕਿਯੂ (ਏਕਤਾ ਉਗਰਾਹਾਂ) ਵਲੋਂ 18 ਨੂੰ ਕਿਸਾਨ ਔਰਤ ਦਿਵਸ, 19 ਜਨਵਰੀ ਨੂੰ ਕੌਮਾਂਤਰੀ ਮੁਦਰਾ ਕੋਸ਼ ਦੇ ਪੁਤਲੇ ਫੂਕਣ ਦਾ ਐਲਾਨ
ਚੰਡੀਗੜ੍ਹ, 16 ਜਨਵਰੀ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਅਨੁਸਾਰ 18 ਜਨਵਰੀ ਨੂੰ ਕਿਸਾਨ ਔਰਤ ਦਿਵਸ ਮੌਕੇ ਦਿੱਲੀ ਤੋਂ ਇਲਾਵਾ ਪੰਜਾਬ ਵਿਚ ਧਨੌਲਾ ਅਤੇ ਕਟਹਿੜਾ ਵਿਖੇ ਕੀਤੀਆਂ ਜਾ ਰਹੀਆਂ ਵਿਸ਼ਾਲ ਔਰਤ ਰੈਲੀਆਂ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ ਹਨ | ਜਿਨ੍ਹਾਂ ਦਾ ਚੋਟ ਨਿਸ਼ਾਨਾ ਬਿਨਾਂ ਸ਼ੱਕ ਮੋਦੀ ਕਾਰਪੋਰੇਟ ਸਾਮਰਾਜੀ ਗੱਠਜੋੜ ਹੀ ਹੋਵੇਗਾ, ਪ੍ਰੰਤੂ ਇਹ ਔਰਤ ਸ਼ਕਤੀ ਗਰੇਵਾਲ/ਜਿਆਣੀ ਵਰਗੀਆਂ ਕਾਲੀਆਂ ਜੀਭਾਂ ਨੂੰ ਠਾਕਣ ਦਾ ਕੰਮ ਵੀ ਕਰੇਗੀ, ਜਿਹੜੀਆਂ ਇਸ ਗੱਠਜੋੜ ਦੇ ਪੱਖ ਵਿਚ ਅਤੇ ਕਿਸਾਨਾਂ ਦੇ ਵਿਰੁਧ ਅਵਾ ਤਵਾ ਬੋਲਣ ਤੋਂ ਬਾਜ਼ ਨਹੀਂ ਆ ਰਹੀਆਂ |
ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਕੌਮਾਂਤਰੀ ਮੁਦਰਾ ਕੋਸ਼ ਵਲੋਂ ਕਾਲੇ ਖੇਤੀ ਕਾਨੂੰਨਾਂ ਦੇ ਹੱਕ ਵਿਚ ਦਿਤੇ ਬਿਆਨ ਵਿਰੁਧ ਤਿੱਖਾ ਰੋਸ ਜਾਹਰ ਕਰਦਿਆਂ ਦਿੱਲੀ ਮੋਰਚੇ ਸਮੇਤ ਪੰਜਾਬ ਭਰ ਵਿਚ ਸੰਸਾਰ ਵਪਾਰ ਸੰਸਥਾ ਇਤੇ ਕੌਮਾਂਤਰੀ ਮੁਦਰਾ ਕੋਸ ਦੇ ਪੁਤਲੇ 19 ਜਨਵਰੀ ਨੂੰ ਫੂਕੇ ਜਾਣਗੇ | ਉਨ੍ਹਾਂ ਦੋਸ਼ ਲਾਇਆ ਕਿ ਸਾਮਰਾਜੀ ਸੰਸਥਾ ਦਾ ਇਹ ਬਿਆਨ ਲੋਕਾਂ ਵਿਰੁਧ ਅੜੀ ਖੜ੍ਹੀ ਮੋਦੀ ਹਕੂਮਤ ਨੂੰ ਸਾਮਰਾਜੀਆਂ ਵਲੋਂ ਦਿਤਾ ਗਿਆ ਥਾਪੜਾ ਹੈ | ਇਹ ਬਿਆਨ ਸਾਬਤ ਕਰਦਾ ਹੈ ਕਿ ਇਨ੍ਹਾਂ ਕਾਨੂੰਨਾਂ ਦੀ ਪਿੱਠ ਉਤੇ ਸਿਰਫ਼ ਅੰਬਾਨੀ ਤੇ ਅਡਾਨੀ ਵਰਗੇ ਦੇਸੀ ਕਾਰਪੋਰੇਟ ਘਰਾਣੇ ਹੀ ਨਹੀਂ ਹਨ ਸਗੋਂ ਸੰਸਾਰ ਸਾਮਰਾਜੀ ਵਿੱਤੀ ਸੰਸਥਾਵਾਂ ਵੀ ਖੜ੍ਹੀਆਂ ਹਨ |
ਕਿਸਾਨ ਆਗੂ ਨੇ ਦਸਿਆ ਕਿ ਸਮੂਹ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ 26 ਜਨਵਰੀ ਦੀ ਦਿੱਲੀ ਟ੍ਰੈਕਟਰ ਪਰੇਡ ਦੀ ਤਿਆਰੀ ਲਈ ਜਥੇਬੰਦੀ ਵਲੋਂ 20-21 ਜਨਵਰੀ ਨੂੰ ਪਿੰਡ-ਪਿੰਡ ਟ੍ਰੈਕਟਰ ਮਾਰਚ ਕੀਤੇ ਜਾਣਗੇ | ਉਨ੍ਹਾਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਸਮੇਤ ਸੰਘਰਸ਼ ਦੀ ਹਮਾਇਤ ਵਿਚ ਡਟੇ ਹੋਏ ਸਭਨਾਂ ਲੋਕਾਂ ਨੂੰ ਇਨ੍ਹਾਂ ਐਕਸ਼ਨਾਂ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰimageਨ ਦੀ ਅਪੀਲ ਕੀਤੀ ਹੈ |
20-21 ਜਨਵਰੀ ਨੂੰ ਪਿੰਡ-ਪਿੰਡ ਵਿਚ ਟਰੈਕਟਰ ਮਾਰਚ ਕਰਨ ਦਾ ਵੀ ਕੀਤਾ ਐਲਾਨ