
ਸੈਂਟਰਲ ਵਿਸਟਾ ਪ੍ਰਾਜੈਕਟ : ਨਵੇਂ ਸੰਸਦ ਭਵਨ ਦਾ ਨਿਰਮਾਣ ਕਾਰਜ ਸ਼ੁਰੂ
ਨਵੀਂ ਦਿੱਲੀ, 15 ਜਨਵਰੀ : ਨਵੇਂ ਸੰਸਦ ਭਵਨ ਦਾ ਨਿਰਮਾਣ ਕੰਮ ਸ਼ੁਕਰਵਾਰ ਨੂੰ ਸ਼ੁਰੂ ਹੋ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀ ਮਹੱਤਵਪੂਰਨ ਸੈਂਟਰਲ ਵਿਸਟਾ ਪੁਨਰਵਿਕਾਸ ਯੋਜਨਾ ਦੇ ਅਧੀਨ ਇਕ ਮਹੀਨੇ ਤੋਂ ਵੱਧ ਸਮੇਂ ਪਹਿਲਾਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ ਸੀ | ਨਵਾਂ ਸੰਸਦ ਭਵਨ ਤਿ੍ਕੋਣੀ ਆਕਾਰ ਦਾ ਹੋਵੇਗਾ | ਸਾਲ 2022 'ਚ ਦੇਸ਼ ਦੇ 75ਵੇਂ ਗਣਤੰਤਰ ਦਿਵਸ ਤਕ ਇਸ ਦੇ ਤਿਆਰ ਹੋਣ ਦੀ ਉਮੀਦ ਹੈ | ਸਰਕਾਰ ਸਾਲ 2022 ਦਾ ਮਾਨਸੂਨ ਸੈਸ਼ਨ ਨਵੇਂ ਭਵਨ 'ਚ ਸ਼ੁਰੂ ਕਰਨਾ ਚਾਹੁੰਦੀ ਹੈ | ਇਕ ਅਧਿਕਾਰੀ ਨੇ ਕਿਹਾ,''ਨਵੇਂ ਸੰਸਦ ਭਵਨ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ |'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ | ਭਵਨ ਦਾ ਨਿਰਮਾਣ ਟਾਟਾ ਪ੍ਰਾਜੈਕਟ ਲਿਮਟਿਡ ਦੇ ਅਧੀਨ ਕੀਤਾ ਜਾ ਰਿਹਾ ਹੈ | ਇਸ ਪ੍ਰਾਜੈਕਟ 'ਤੇ 971 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ | ਇਸ ਹਫ਼ਤੇ ਦੀ ਸ਼ੁਰੂਆਤ 'ਚ 14 ਮੈਂਬਰੀ ਧਰੋਹਰ ਕਮੇਟੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਨੂੰ ਮਨਜੂਰੀ ਦੇ ਦਿਤੀ ਸੀ | ਇਸ ਤੋਂ ਇਲਾਵਾ ਉਸ ਨੇ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰਾਜੈਕਟ ਨੂੰ ਵੀ ਹਰੀ ਝੰਡੀ ਦਿਤੀ ਸੀ |
ਸੁਪਰੀਮ ਕੋਰਟ ਨੇ ਨਿਰਮਾਣ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰ ਨੂੰ ਕਮੇਟੀ ਅਤੇ ਹੋਰ ਸਬੰਧਤ ਅਥਾਰਟੀਆਂ ਦੀ ਮਨਜੂਰੀ ਲੈਣ ਦਾ ਆਦੇਸ਼ ਦਿਤਾ ਸੀ | ਨਿਰਮਾਣ ਕੰਮ ਪਹਿਲਾਂ ਇਸ ਲਈ ਸ਼ੁਰੂ ਨਹੀਂ ਹੋ ਸਕਿਆ ਸੀ ਕਿਉਾਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿਤਾ ਸੀ ਕਿ ਜਦੋਂ ਤਕ ਅਦਾਲਤ ਮਾਮਲੇ 'ਚ ਪੈਂਡਿੰਗ ਪਟੀਸ਼ਨਾਂ 'ਤੇ ਫ਼ੈਸਲਾ ਨਹੀਂ ਲੈ ਲੈਂਦਾ, ਉਦੋਂ ਤਕ ਨਾ ਨਿਰਮਾਣ ਅਤੇ ਨਾ ਹੀ ਢਾਹੁਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਟਾਟਾ ਪ੍ਰਾਜੈਕਟਸ ਲਿਮਟਿਡ ਨੇ ਕਿਹਾ ਕਿ ਨਿਰਮਾਣ ਕੰਮ ਸ਼ੁਰੂ ਹੋਣ 'ਚ 35 ਦਿਨ ਦੀ ਦੇਰੀ ਦੇ ਬਾਵਜੂਦ ਉਸ ਨੂੰ ਵਿਸ਼ਵਾਸ ਹੈ ਕਿ ਤੈਅ ਸਮੇਂ 'ਤੇ ਇਸ ਪ੍ਰਾਜੈਕਟ ਨੂੰ ਪੂਰਾ ਕਰ ਲਿਆ ਜਾਵੇਗਾ | (ਪੀਟੀਆਈ)
ਟਾਟਾ ਪ੍ਰਾਜੈਕਟਸ ਲਿਮਟਿਡ ਦੇ ਉੱਪ ਪ੍ਰਧਾਨ ਅਤੇ ਵਣਜ ਇਕਾਈ ਦੇ ਮੁਖੀ ਸੰਦੀਪ ਨਵਲਖੇ ਨੇ ਕਿਹਾ,''ਅਸੀਂ ਪ੍ਰਾਜੈਕਟ ਦਾ ਖਾਕਾ ਤਿਆਰ ਕਰ ਕੇ ਪਹਿਲਾਂ ਹੀ ਅੱਗੇ ਵਧਣ ਲਈ ਤਿਆਰ ਸੀ |'' ਨਵੇਂ ਭਵਨ ਦਾ ਨਿਰਮਾਣ ਮੌਜੂਦਾ ਭਵਨ ਦੇ ਸਾਹਮਣੇ ਕੀਤਾ ਜਾਵੇਗਾ | ਪੁਰਾਣੇ ਸੰਸਦ ਭਵਨ ਦਾ ਨਿਰਮਾਣ 94 ਸਾਲ ਪਹਿਲਾਂ ਲਗਭਗ 83 ਲੱਖ ਰੁਪਏ 'ਚ ਕੀਤਾ ਗਿਆ ਸੀ | ਨਵੇਂ ਭਵਨ ਦੇ ਨਿਰਮਾਣ ਤੋਂ ਬਾਅਦ ਪੁਰਾਣੇ ਭਵਨ ਨੂੰ ਮਿਊਜੀਅਮ 'ਚ ਤਬਦੀਲ ਕਰ ਦਿਤਾ ਜਾਵੇਗਾ | ਨਵੇਂ ਸੰਸਦ ਭਵਨ 'ਚ ਲੋਕ ਸਭਾ ਅਤੇ ਰਾਜ ਸਭਾ ਦੇ ਕਮਰੇ ਵੱਡੇ ਹੋਣਗੇ, ਜਿਸ 'ਚ ਲੋਕ ਸਭਾ ਲਈ 888, ਜਦੋਂਕਿ ਰਾਜ ਸਭਾ ਲਈ 384 ਸੀਟਾਂ ਦੀ ਵਿਵਸਥਾ ਹੋਵੇਗੀ | ਸੰਯੁਕਤ ਸੈਸ਼ਨ ਬੁਲਾਉਣ ਲਈ ਲੋਕ ਸਭਾ ਕਮਰੇ 'ਚ 1,272 ਸੀਟਾਂ ਦੀ ਵਿਵਸਥਾ ਹੋਵੇਗੀ | (ਪੀਟੀਆਈ)