
ਗ਼ੈਰ ਕਾਨੂੰਨੀ ਮਾਈਨਿੰਗ ’ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਬੇਨਕਾਬ ਕਰੋ : ਹਰਪਾਲ ਚੀਮਾ
ਚੰਡੀਗੜ੍ਹ, 15 ਜਨਵਰੀ (ਸੁਰਜੀਤ ਸਿੰਘ ਸੱਤੀ) : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ’ਚ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ’ਤੇ ਕੈਪਟਨ ਸਰਕਾਰ ਵਲੋਂ ਕਾਰਵਾਈ ਨਾ ਕਰਨ ਤੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਹਾਈ ਕੋਰਟ ’ਚ ਇਹ ਮੰਨ ਲਿਆ ਕਿ ਪਿਛਲੇ 4 ਸਾਲ ਵਿਚ ਕੇਵਲ ਤਿੰਨ ਹੀ ਕੇਸ ਦਰਜ ਕੀਤੇ ਗਏ ਹਨ, ਇਹ ਸਿੱਧ ਕਰ ਦਿਤਾ ਹੈ ਕਿ ਕੈਪਟਨ ਸਰਕਾਰ ਖ਼ੁਦ ਹੀ ਮਾਫ਼ੀਆ ਨੂੰ ਵਧਾਵਾ ਦੇ ਰਹੀ ਹੈ। ਪਹਿਲਾਂ ਉਨ੍ਹਾਂ ਸਰਕਾਰੀ ਕੰਪਨੀਆਂ ਨੂੰ ਮਾਫ਼ੀਆ ਨਾਲ ਮਿਲ ਕੇ ਲੁੱਟਿਆ, ਹੁਣ ਨਾਕੇ ਨੂੰ ਹੀ ਮਾਫ਼ੀਆ ਦੇ ਹਵਾਲੇ ਕਰ ਦਿਤਾ।
‘ਆਪ’ ਆਗੂਆਂ ਨੇ ਮੰਗ ਕੀਤੀ ਕਿ ਹਾਈ ਕੋਰਟ ਵਿਚ ਪਹਿਲਾਂ ਤੋਂ ਪਈ ਰਿਪੋਰਟ ਜਿਸ ’ਚ ਵੱਡੇ ਆਗੂਆਂ ਤੇ ਉਚ ਅਧਿਕਾਰੀਆਂ ਦੇ ਨਾਮ ਮਾਈਨਿੰਗ ਮਾਫ਼ੀਆ ਵਿਚ ਆਏ ਹਨ ਉਨ੍ਹਾਂ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ ਕਿ ਅੱਜ ਪੁਲਿਸ ਦੇ ਬਦਲੇ ਗੁੰਡੇ ਨਾਕੇ ਲਗਾ ਰਹੇ ਹਨ ਅਤੇ ਲੋਕਾਂ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਪੈਸਾ ਵਸੂਲ ਰਹੇ ਹਨ। ਸਰਕਾਰ ਨੇ ਚਾਰ ਸਾਲ ’ਚ ਛੋਟੇ ਤਸਕਰਾਂ ਉੱਤੇ ਕੇਵਲ ਤਿੰਨ ਐਫ਼ਆਈਆਰ ਦਰਜ ਕੀਤੀਆਂ, ਜਦੋਂ ਕਿ ਅਜਿਹੇ ਸੈਂਕੜੇ ਤਸਕਰ ਹਨ ਜਿਨ੍ਹਾਂ ਦਾ ਡਾਟਾ ਪੁਲਿਸ ਕੋਲ ਵੀ ਮੌਜੂਦ ਹੈ। ਸਰਕਾਰ ਨੇ ਹਾਈ ਕੋਰਟ ਦੇ ਦਬਾਅ ਕਾਰਨ ਇਨ੍ਹਾਂ ਤਿੰਨਾਂ ਉੱਤੇ ਮਜ਼ਬੂਰੀ ਵਿਚ ਕੇਸ ਦਰਜ ਕੀਤਾ ਹੈ।