
ਸਰਕਾਰ ਵਲੋਂ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਸੁਰੱਖਿਆ ਦੇਣ ਤੋਂ ਭੜਕੀਆਂ ਸਿੱਖ ਜਥੇਬੰਦੀਆਂ
ਬਠਿੰਡਾ, 15 ਜਨਵਰੀ (ਰਾਜ ਕੁਮਾਰ) : ਪਿਛਲੇ ਦਿਨੀਂ ਇਕ ਚੈਨਲ ’ਤੇ ਡਿਬੇਟ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਖੇਤੀ ਕਾਨੂੰਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰਨਾਮੇ ਨਾਲ ਤੁਲਨਾ ਕਰਨ ਵਾਲੇ ਭਾਜਪਾ ਆਗੂ ਸੁਖਪਾਲ ਸਰਾਂ ਵਿਰੁਧ ਕੇਸ ਦਰਜ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਸੁਰੱਖਿਆ ਮੁਹਈਆ ਕਰਵਾਉਣ ਉਪਰ ਸਿੱਖ ਜਥੇਬੰਦੀਆਂ ਭੜਕ ਉਠੀਆਂ ਹਨ।
ਅੱਜ ਇਥੇ ਕੀਤੀ ਇਕ ਪ੍ਰੈਸ ਕਾਨਫ਼ਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਹਰਕੇ, ਪਰਵਿੰਦਰ ਸਿੰਘ ਬਾਲਿਆਵਾਲੀ ਤੇ ਸਰਾਂ ਵਿਰੁਧ ਪਰਚਾ ਦਰਜ ਕਰਵਾਉਣ ਵਾਲੇ ਦਲ ਖ਼ਾਲਸਾ ਦੇ ਗੁਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਵਾਲੇ ਆਗੂਆਂ ਦੀ ਚਿੰਤਾ ਹੋਣ ’ਤੇ ਹੁਣ ਕੈਪਟਨ ਸਰਕਾਰ ਦਾ ਭਾਜਪਾ ਨਾਲ ਗਿਟਮਿਟ ਵਾਲਾ ਚਿਹਰਾ ਨੰਗਾ ਹੋ ਗਿਆ ਹੈ। ਸਿੱਖ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਕਥਿਤ ਦੋਸ਼ੀ ਉਕਤ ਭਾਜਪਾ ਆਗੂ ਨੂੰ ਦੋ ਗੰਨਮੈਨ ਮੁਹਈਆ ਕਰਵਾਏ ਗਏ ਹਨ। ਦੂਜੇ ਪਾਸੇ ਸਰਾਂ ਦੇ ਹੀ ਸਾਥੀ ਹਰਪ੍ਰੀਤ ਗਿੱਲ ਵਲੋਂ ਬੀਤੇ ਦਿਨ ਦਿਤੇ ਕਥਿਤ ਬਿਆਨ ਦਿਤਾ ਕਿ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸਨ ਕਿ ਅਯੁੱਧਿਆ ਵਿਚ ਰਾਮ ਮੰਦਰ ਬਣੇ ਦਾ ਵੀ ਸਿੱਖ ਆਗੂਆਂ ਵਲੋਂ ਵਿਰੋਧ ਕਰਦੇ ਹੋਏ ਉਕਤ ਆਗੂ ਵਿਰੁਧ ਵੀ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖ਼ਾਸਤ ਵੀ ਦਿਤੀ ਗਈ ਹੈ। ਇਸ ਮੌਕੇ ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਹਰਦੀਪ ਸਿੰਘ, ਹਰਫੂਲ ਸਿੰਘ ਬਠਿੰਡਾ, ਮਹਿੰਦਰ ਸਿੰਘ ਖ਼ਾਲਸਾ ਤੇ ਸਿਮਰਨਜੋਤ ਸਿੰਘ ਆਦਿ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 15 ਬੀਟੀਆਈ 02 ਵਿਚ ਭੇਜੀ ਜਾ ਰਹੀ ਹੈ।