
ਸ਼ੱਕੀਆਂ ਦੀ CCTV ਫੁਟੇਜ ਤੋਂ ਲਈ ਤਸਵੀਰ ਜਾਰੀ ਕੀਤੀ ਗਈ
ਜਲੰਧਰ : ਬੀਤੇ ਦਿਨ ਆਦਮਪੁਰ ਪਟਰੌਲ ਪੰਪ ’ਤੇ ਹਥਿਆਰਬੰਦ ਲੁੱਟ ਦੀ ਘਟਨਾ ’ਤੇ ਤੁਰਤ ਕਾਰਵਾਈ ਕਰਦਿਆਂ ਜਲੰਧਰ ਦੇਹਾਤ ਪੁਲਿਸ ਨੇ ਜ਼ਿਲ੍ਹੇ ਭਰ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ। 15 ਜਨਵਰੀ, 2025 ਨੂੰ ਦਰਜ ਕੀਤੀ ਗਈ ਇਹ ਘਟਨਾ ਆਦਮਪੁਰ ਥਾਣੇ ’ਚ ਭਾਰਤੀ ਦੰਡਾਵਲੀ ਦੀ ਧਾਰਾ 304 (2) ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰਬਰ 08 ਵਜੋਂ ਦਰਜ ਕੀਤੀ ਗਈ ਹੈ।
ਸੀ.ਸੀ.ਟੀ.ਵੀ. ਫੁਟੇਜ ’ਚ ਕਈ ਸ਼ੱਕੀ ਲੁੱਟ ਨੂੰ ਅੰਜਾਮ ਦਿੰਦੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ’ਚੋਂ ਕੁੱਝ ਮੋਟਰਸਾਈਕਲਾਂ ’ਤੇ ਫਰਾਰ ਹੋ ਗਏ। ਸ਼ੱਕੀਆਂ ਅਤੇ ਉਨ੍ਹਾਂ ਦੀ ਗੱਡੀ ਦੀ ਪਛਾਣ ਕਰਨ ਲਈ ਫੁਟੇਜ ਨੂੰ ਫੋਰੈਂਸਿਕ ਵਿਸ਼ਲੇਸ਼ਣ ਅਧੀਨ ਰੱਖਿਆ ਗਿਆ ਹੈ। ਪੁਲਿਸ ਨੇ ਇਸ ਨੂੰ ਉੱਚ ਤਰਜੀਹ ਵਾਲਾ ਮਾਮਲਾ ਮੰਨਿਆ ਹੈ ਅਤੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿਤੀ ਹੈ।
ਲੋਕਾਂ ਦੇ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ, ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਜਾਂ ਗ੍ਰਿਫਤਾਰੀ ਲਈ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸੂਚਨਾ ਦੇਣ ਵਾਲਿਆਂ ਨੂੰ ਪੂਰੀ ਗੁਪਤਤਾ ਦਾ ਭਰੋਸਾ ਦਿਤਾ ਜਾਂਦਾ ਹੈ।
ਕਿਸੇ ਵੀ ਜਾਣਕਾਰੀ ਨੂੰ ਹੈਲਪਲਾਈਨ ਨੰਬਰ 81948-00100 (ਕੰਟਰੋਲ ਰੂਮ ਜਲੰਧਰ), 96461-05144 (ਐਸ.ਪੀ.-ਜਾਂਚ), 98768-21300 (ਡੀਐਸਪੀ ਆਦਮਪੁਰ) ਅਤੇ 95179-87513 (ਐਸ.ਐਚ.ਓ. ਆਦਮਪੁਰ) ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਜਲੰਧਰ ਦਿਹਾਤੀ ਪੁਲਿਸ ਨੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਅਪਣੀ ਵਚਨਬੱਧਤਾ ਦੁਹਰਾਈ ਹੈ।