ਖ਼ਾਲਸਾ-ਪੰਥ ’ਚ ਹੋਲਾ ਮਹੱਲਾ ਤਿਉਹਾਰ ਦੇ ਮੰਤਵ ਤੇ ਉਦੇਸ਼ ਬੜੇ ਉਸਾਰੂ ਤੇ ਸਾਰਥਕ ਹਨ।
ਚੰਡੀਗੜ੍ਹ: ਅਜੋਕੇ ਸਮੇਂ ’ਚ ਨਵੀਂ ਪੀੜ੍ਹੀ ਸ਼ਾਨਾਂ-ਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁਲਦੀ ਜਾ ਰਹੀ ਹੈ ਤੇ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ। ਅਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖ਼ਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ। ਖ਼ਾਲਸਾ-ਪੰਥ ’ਚ ਹੋਲਾ ਮਹੱਲਾ ਤਿਉਹਾਰ ਦੇ ਮੰਤਵ ਤੇ ਉਦੇਸ਼ ਬੜੇ ਉਸਾਰੂ ਤੇ ਸਾਰਥਕ ਹਨ। ਦਰਅਸਲ ਹੋਲਾ ਤੇ ਮਹੱਲਾ ਦੋ ਵੱਖ-ਵੱਖ ਸ਼ਬਦ ਹਨ। ‘ਹੋਲਾ’ ਅਰਬੀ ਭਾਸ਼ਾ ਅਤੇ ‘ਮਹੱਲਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਹੋਲ, ਹੂਲ ਤੇ ਹੋਲਾ ਮਹੱਲਾ ਰਲਦੇ-ਮਿਲਦੇ ਸ਼ਬਦ ਹਨ। ਅਰਬੀ ਭਾਸ਼ਾ ਦਾ ਇਕ ਸ਼ਬਦ ਹੈ ‘ਹੂਲ’ ਜਿਸ ਦੇ ਅਰਥ ਨੇਕ ਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ’ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ’ਤੇ ਚਲਣਾ ਕੀਤੇ ਗਏ ਸੀ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ, ਲਿਤਾੜੇ ਜਾ ਰਹੇ ਮਨੁੱਖਾਂ ਨੂੰ ਅਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ ਲਈ ਉਨ੍ਹਾਂ ’ਚ ਨਿਡਰਤਾ ਤੇ ਨਿਰਭੈਤਾ ਭਰਨ ਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਲਈ ਉਨ੍ਹਾਂ ਨੇ ਚਰਨ-ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚੱਲਤ ਕੀਤਾ। ਅਜ਼ਾਦੀ ਪ੍ਰਾਪਤ ਕਰਨ ਤੇ ਜੋਸ਼ ਪੈਦਾ ਕਰਨ ਲਈ ਕਲਗ਼ੀਧਰ ਪਿਤਾ ਜੀ ਨੇ ਜਿੱਥੇ ਨਵਾਂ ਜੀਵਨ ਬਖ਼ਸ਼ਿਆ, ਰੀਤੀ-ਰਿਵਾਜ ਤੇ ਤਿਉਹਾਰ ਮਨਾਉਣ ਦੇ ਢੰਗਾਂ ਵਿਚ ਇਨਕਲਾਬੀ ਤਬਦੀਲੀ ਲਿਆਂਦੀ। ਗੁਰੂ ਸਾਹਿਬ ਨੇ 1699 ਈ: ਦੀ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖ ਪੰਥ ਵਿਚ ਇਕ ਮਹਾਨ ਤੇ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਤੇ ਸਿੱਖਾਂ ਨੂੰ ਵਖਰੀ ਪਹਿਚਾਣ ਦਿਤੀ। ਗੁਰੂ ਜੀ ਨੇ ਇਸ ਕਾਇਮ ਕੀਤੀ ਜਥੇਬੰਦੀ ’ਚ ਦਲੇਰੀ ਤੇ ਜੁਰਅਤ ਭਰਨ ਲਈ ਉਨ੍ਹਾਂ ਵਲੋਂ ਮਨਾਏ ਜਾਂਦੇ ਤਿਉਹਾਰਾਂ ਨੂੰ ਮਨਾਉਣ ਦੇ ਰੰਗ-ਢੰਗ ਹੀ ਬਦਲ ਦਿਤੇ। ਹੋਲੀ ਮਨਾਉਣ ਸਮੇਂ ਜਿਥੇ ਲੋਕ ਇਕ ਦੂਜੇ ’ਤੇ ਰੰਗ ਸੁੱਟ ਕੇ ਤੇ ਨਸ਼ੇ ਪੀ ਕੇ ਮਨੁੱਖੀ-ਸ਼ਕਤੀ ਨੂੰ ਨਸ਼ਟ ਕਰ ਰਹੇ ਸੀ, ਉਥੇ ਗੁਰੂ ਸਾਹਿਬ ਨੇ ਇਸ ਬੁਰਿਆਈ ਨੂੰ ਖ਼ਤਮ ਕਰਨ ਲਈ ‘ਹੋਲੀ’ ਨੂੰ ‘ਹੋਲੇ ਮਹੱਲੇ’ ਦਾ ਰੂਪ ਦੇ ਦਿਤਾ।
ਔਰਨ ਕੀ ਹੋਲੀ ਮਮ ਹੋਲਾ।
ਕਹਪੋ ਕ੍ਰਿਪਾਨਿਧ ਬਚਨ ਅਮੋਲਾ।
ਗੁਰੂ ਸਾਹਿਬ ਖ਼ਾਲਸੇ ਨੂੰ ਯੁੱਧ-ਵਿਦਿਆ ਵਿਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹੋਲੀ ਦੇ ਪ੍ਰੰਪਰਾਈ ਪੱਖ ਤੋਂ ਹਟ ਕੇ ਇਸ ਤਿਉਹਾਰ ਦਾ ਸਬੰਧ ਸੂਰਮਤਾਈ ਨਾਲ ਜੋੜਿਆ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਭਾਵ ਬਨਾਉਟੀ ਲੜਾਈ ਹੈ। ਇਸ ’ਚ ਪੈਦਲ ਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਇਕ ਖ਼ਾਸ ਹਮਲੇ ਦੀ ਥਾਂ ’ਤੇ ਹਮਲਾ ਕਰਦੇ ਹਨ ਅਤੇ ਅਨੇਕ ਤਰ੍ਹਾਂ ਦੇ ਕਰਤਬ ਦਿਖਾਉਂਦੇ ਹਨ। ਕਲਗ਼ੀਧਰ ਪਾਤਸ਼ਾਹ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਤੇ ਲੋੜੀਂਦੀ ਸਿਖਿਆ ਪ੍ਰਦਾਨ ਕਰਦੇ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ’ਚ ਸਿਰੋਪਾਓ ਬਖ਼ਸ਼ਿਸ਼ ਕਰਦੇ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ ਅਤੇ ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਹੁੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ’ਚ ਖ਼ੁਦ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਅਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲਾ-ਮਹੱਲਾ ਦੇ ਰੂਪ ਵਿਚ ਮਨਾਏ ਜਾਂਦੇ ਜੰਗਜੂ ਤਿਉਹਾਰ ’ਤੇ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ ’ਚੋਂ ਨਿਕਲ ਕੇ ਇਸ ਤਿਉਹਾਰ ਵਿਚ ਧੜਾਧੜ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਣ ਲੱਗੇ। ਅਤਰ-ਫੁਲੇਲ ਦੀਆਂ ਸੁਗੰਧੀਆਂ, ਰੰਗਾਂ ਦੀਆਂ ਫੁਹਾਰਾਂ ਤੇ ਬੇਅੰਤ ਇਕੱਠ ਦੀ ਸ਼ੋਭਾ ਨੇ ਭਾਈ ਨੰਦ ਲਾਲ ਜੀ ਵਰਗੇ ਮਹਾਨ ਵਿਦਵਾਨ ਚਿੰਤਕ ਨੂੰ ਵੀ ਪ੍ਰਭਾਵਤ ਕੀਤਾ। ਅਪਣੀ ਕਲਮ ਨਾਲ ਬਿਆਨ ਕਰਦਿਆਂ ਉਹ ਲਿਖਦੇ ਹਨ ਕਿ ਹੋਲੀ ਦੇ ਫੁੱਲ ਖਿੜਨ ਨਾਲ ਸਾਰਾ ਬਾਗ਼ ਸੁਗੰਧੀ ਨਾਲ ਭਰ ਗਿਆ। ਪਾਤਸ਼ਾਹ ਦਾ ਮੁਖੜਾ ਕਲੀ ਵਾਂਗ ਖਿੜ ਗਿਆ। ਗੁਲਾਬ, ਅੰਬਰ, ਕਸਤੂਰੀ ਤੇ ਅੰਬੀਰ ਮੀਂਹ ਦੀ ਤਰ੍ਹਾਂ ਵਰਸਣ ਲੱਗੀ। ਕੇਸਰ ਦੀ ਪਿਚਕਾਰੀ ਨੇ ਸਭ ਚਿੱਟੇ ਚੋਲਿਆਂ ਨੂੰ ਰੰਗਾਂ ਨਾਲ ਭਰ ਦਿਤਾ। ਪਾਤਸ਼ਾਹ ਨੇ ਗੁਲਾਲ ਦੀ ਐਸੀ ਵਰਖਾ ਕੀਤੀ ਕਿ ਧਰਤੀ ਤੇ ਅਕਾਸ਼ ਸੂਹਾ ਹੋ ਗਿਆ। ਜਦੋਂ ਪਾਤਸ਼ਾਹ ਨੇ ਰੰਗਿਆ ਹੋਇਆ ਚੋਲਾ ਪਹਿਨਿਆਂ ਤਾਂ ਸਭ ਦੀ ਆਤਮਾ ਖਿੜ ਗਈ : ‘‘ਗੁਲੇ ਹੋਲੀ ਬ ਬਾਗੇ ਦਰ ਬੂ ਕਰਦ। ਲਬੇ ਚੂੰ ਗ਼ੁੰਚਾ ਰਾ ਫ਼ਰਖ਼ੰਦਹ ਖ਼ੂ ਕਰਦ। ਗੁਲਾਬੋ ਅੰਬਰੋ ਮੁਸ਼ਕੋ ਅਬੀਰੋ। ਚੂ ਬਾਰਾਂ ਬਾਰਸ਼ੇ ਅਜ ਸੂ ਬਸੂ ਕਰਦ। ਜਹੇ ਪਿਚਕਾਰੀਏ ਪੁਰ ਜੁਫਰਾਨੀ। ਕਿ ਹਰ ਬੇਰੰਗ ਰਾ ਖੁਸ਼ਰੰਗੋ ਬੂ ਕਰਦ। ਗੁਲਾਲ ਅਫਸ਼ਾਨੀ ਅਜ਼ ਦਸਤੇ ਮੁਬਾਰਕ। ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ। ਦੋ ਆਲਮ ਗਸ਼ਤ ਰੰਗੀ ਅਜ਼ ਤੁਫਲੈਸ਼। ਚੁ ਸ਼ਾਹਮ ਜਾਮਹ ਰੰਗੀ ਦਹ ਗੁਲੂ ਕਰਦ।
(ਭਾਈ ਨੰਦ ਲਾਲ ਰਚਨਾਵਲੀ)
ਹੋਲੇ ਮਹੱਲੇ ਦਾ ਆਰੰਭ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ ’ਤੇ ਕੀਤਾ ਸੀ। ਹੋਲੀ ਰੰਗਾਂ ਦੀ ਖੇਡ ਹੈ ਜਦਕਿ ਹੋਲਾ ਮਹੱਲਾ ਮਨਾਉਣ ਦਾ ਮੁੱਖ ਮੰਤਵ ਗੁਰਸਿੱਖਾਂ ਅੰਦਰ ‘ਫ਼ਤਹਿ’ ਦੇ ਅਨੁਭਵ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਦੇਸ਼ ਦੀ ਜਨਤਾ ਖ਼ਾਸ ਕਰ ਕੇ ਗੁਰੂ ਨਾਨਕ ਨਾਮ-ਲੇਵਾ ਸਿੱਖ ਸੰਗਤਾਂ ’ਚ ਨਵਾਂ ਉਤਸ਼ਾਹ, ਨਿਡਰਤਾ ਤੇ ਨਿਰਭੈਤਾ ਦੀ ਭਾਵਨਾ ਭਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਆਦੇਸ਼ ਜਾਰੀ ਕੀਤੇ। ਇਸ ਤਿਉਹਾਰ ਨੂੰ ਖ਼ਾਲਸਾ-ਪੰਥ ਵਿਚ ਚੜ੍ਹਦੀ ਕਲਾ ਦੀ ਭਾਵਨਾ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਨਵੇਂ ਸਾਰਥਕ ਅਰਥ ਦਿਤੇ ਤੇ ਨਵੇਂ ਢੰਗ-ਤਰੀਕੇ ਅਪਣਾਏ।
ਮੌਸਮੀ ਤਬਦੀਲੀ ਦੇ ਪੱਖ ਤੋਂ ਹੋਲੀ, ਬਸੰਤ ਰੁੱਤ ਦੇ ਆਗਮਨ ਦੇ ਨਾਲ-ਨਾਲ ਖੇੜੇ ਤੇ ਖ਼ੁਸ਼ੀਆਂ ਦਾ ਤਿਉਹਾਰ ਹੋਣ ਕਰ ਕੇ ਮਾਨਵ ਚੇਤਨਾ ਵਿਚ ਵਿਸ਼ੇਸ਼ ਮਹੱਤਵ ਰਖਦੀ ਹੈ। ਪੱਤਝੜ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ ਅਤੇ ਸਾਰੇ ਪਾਸੇ ਖੇੜਾ ਹੀ ਖੇੜਾ ਹੁੰਦਾ ਹੈ। ਗੁਰੂ ਜੀ ਨੇ ਇਹ ਤਿਉਹਾਰ ਸਿਮਰਨ, ਸਤਿਸੰਗ ਤੇ ਸੇਵਾ ’ਚ ਜੁੜ ਕੇ ਮਨਾਉਣ ਦਾ ਉਪਦੇਸ਼ ਦਿਤਾ ਹੈ:
ਨਾਨਕ ਤਿਨਾ ਬਸੰਤੁ ਹੈ ਜਿਨ੍ਰ ਘਰਿ ਵਸਿਆ ਕੰਤੁ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ॥ (ਅੰਕ :791)
ਗੁਰੂ ਸਾਹਿਬ ਦੀ ਮਾਨਵ-ਸਮਾਜ ਨੂੰ ਵੱਡਮੁਲੀ ਦੇਣ ਇਹੀ ਹੈ ਕਿ ਉਨ੍ਹਾਂ ਨੇ ਮਨੁੱਖੀ ਜੀਵਨ ਨੂੰ ਹਰ ਪੱਖ ਤੋਂ ਸੰਪੂਰਨ, ਸਿਖਿਆਦਾਇਕ ਤੇ ਉਸਾਰੂ ਬਣਾਉਣ ਦੀ ਪ੍ਰੇਰਨਾ ਦਿਤੀ ਹੈ। ਇਸੇ ਲਈ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਵਿਚ ਪਰਮਾਰਥ ਦੇ ਮਾਰਗ ਦੀ ਅਨੰਦਮਈ ਹੋਲੀ ਖੇਡਣ ਦੀ ਇਸ ਤਰ੍ਹਾਂ ਪ੍ਰੇਰਨਾ ਕੀਤੀ ਹੈ:
ਗੁਰੁ ਸੇਵਉ ਕਰਿ ਨਮਸਕਾਰ॥ ਆਜੁ ਹਮਾਰੈ ਮੰਗਲਚਾਰ॥
ਆਜੁ ਹਮਾਰੈ ਮਹਾ ਅਨੰਦ॥
ਚਿੰਤ ਲਥੀ ਭੇਟੇ ਗੋਬਿੰਦ॥1॥
ਆਜੁ ਹਮਾਰੈ ਗ੍ਰਿਹਿ ਬਸੰਤ॥ ਗੁਨ ਗਾਏ ਪ੍ਰਭ ਤੁਮ੍ਰ ਬੇਅੰਤ॥1॥ਰਹਾਉ॥
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ ॥2॥ (ਅੰਕ : 1180)
ਹੋਲਾ ਮਹੱਲਾ ਸ਼ਕਤੀ ਨੂੰ ਪ੍ਰਗਟ ਕਰਨ ਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖ਼ਾਲਸਾ ਪੰਥ ਲਈ ਸਵੈਮਾਨ, ਖ਼ਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ, ਪ੍ਰਭੂ-ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇਹ ਪਵਿੱਤਰ ਤਿਉਹਾਰ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਹੱਕ ਮੰਗਿਆਂ ਪ੍ਰਾਪਤ ਨਹੀਂ ਹੁੰਦੇ ਸਗੋਂ ਸ਼ਕਤੀ ਤੇ ਜ਼ੋਰ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ:
ਰਾਜ ਕਿਸੇ ਕੋ ਕੋਇ ਨ ਦੈ ਹੈਂ।
ਜੋ ਲੈ ਹੈ ਨਿਜ ਬਲ ਸੋ ਲੈ ਹੈਂ।
ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ, ਪਾਉਂਟਾ ਸਾਹਿਬ ਤੇ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਬੜੇ ਉਤਸ਼ਾਹ-ਜੋਸ਼ ਨਾਲ ਤਿਉਹਾਰ ਮਨਾਉਂਦੀਆਂ ਹਨ। ਭਾਰੀ ਦੀਵਾਨ ਸਜਦੇ ਹਨ, ਨਿਹੰਗ ਸਿੰਘਾਂ ਦੇ ਜਥੇ ਤੇ ਖ਼ਾਲਸਾ ਪੰਥ ਦੀ ਫ਼ੌਜ ਦੇ ਹੋਰ ਦਸਤੇ ਰਲ-ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਘੋੜ ਸਵਾਰੀ ਤੇ ਗਤਕੇਬਾਜ਼ੀ ਦੇ ਜੰਗਜੂ ਕਰਤੱਵ ਦੇਖਣਯੋਗ ਹੁੰਦੇ ਹਨ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਤੇ ਮਹੱਲਾ ਕਢਦਾ ਹੈ। ਅਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖ਼ਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ। ਸੋ ਆਉ! ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹੋਏ ਅਪਣੇ ਗੌਰਵਮਈ ਵਿਰਸੇ ਅਤੇ ਜੁਝਾਰੂ ਬਿਰਤੀ ਦੀ ਸ਼ਕਤੀ ਨਾਲ ਨਸ਼ਿਆਂ ਤੇ ਪਤਿੱਤਪੁਣੇ ਵਿਰੁਧ ਜੂਝੀਏ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦਾ ਪ੍ਰਣ ਲਈਏ ਤੇ ਅੰਮ੍ਰਿਤ ਛੱਕ ਕੇ ਸਰਬੰਸ-ਦਾਨੀ ਦਸਮੇਸ਼ ਪਿਤਾ ਦੇ ਸੱਚੇ ਸਪੂਤ ਬਣੀਏ।
