
ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖ ਕੇ ਮੀਟਿੰਗ ਜਲਦ ਸੱਦਣ ਦੀ ਅਪੀਲ
ਅੰਮ੍ਰਿਤਸਰ : ਅਕਾਲੀ ਦਲ ’ਚ ਨਵੀਂ ਭਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ ਨੂੰ ਬਣਾਈ ਗਈ 7 ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖ ਕੇ ਮੀਟਿੰਗ ਜਲਦ ਸੱਦਣ ਦੀ ਅਪੀਲ ਕੀਤੀ ਹੈ।
ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰ ਵਲੋਂ ਲਿਖੀ ਚਿੱਠੀ ’ਚ ਕਿਹਾ ਗਿਆ ਹੈ, ‘‘ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਦੀ ਇੰਨ-ਬਿੰਨ ਪਾਲਣਾ ਕਰੇ ਤੇ ਸੱਭ ਤੋਂ ਪਹਿਲਾ ਫਰਜ਼ ਹੁਕਮਨਾਮੇ ਨੂੰ ਲਾਗੂ ਕਰਵਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁੰਦਾ ਹੈ। ਇਸ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਮੁਤਾਬਿਕ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇੰਨ-ਬਿੰਨ ਪਾਲਣਾਂ ਕਰਵਾਉਣ ਲਈ ਜਲਦ ਤੋਂ ਜਲਦ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਈ ਜਾਵੇ।’’
ਉਨ੍ਹਾਂ ਅੱਗੇ ਕਿਹਾ, ‘‘ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਪੁਰਾਣੀ ਰਵਾਇਤ ਅਨੁਸਾਰ ਵੱਖਰੇ ਨਿਗਰਾਨ ਲਾ ਕੇ ਭਰਤੀ ਦਾ ਪ੍ਰੋਗਾਮ ਉਲੀਕ ਦਿਤਾ ਹੈ ਜਿਸ ਕਰ ਕੇ ਸਿੱਖ ਸੰਗਤ ’ਚ ਤੇ ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਦਰਕਰਾਂ ’ਚ ਦੁਬਿਧਾ ਪੈਦਾ ਹੋਣ ਗਈ ਹੈ। ਇਸੇ ਕਰ ਕੇ ਹੀ ਹੁਕਮਨਾਮੇ ਤੋਂ ਬਾਅਦ ਵੀ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਵਲੋਂ ਮੀਡੀਆ ’ਚ ਦੋ ਵਾਰ ਭਰਤੀ ਕਮੇਟੀ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਅਪਣਾ ਕੰਮ ਜਲਦੀ ਸ਼ੁਰੂ ਕਰੋ ਅਤੇ ਨਾਲ ਹੀ ਦੇ ਵਾਰ ਸ੍ਰੋਮਣੀ ਅਕਾਲੀ ਦਲ ਨੂੰ ਵੀ ਨਸੀਹਤ ਦੇ ਚੁਕੇ ਹਨ ਕਿ ਪੰਜ ਸਿੰਘ ਸਹਿਬਾਨ ਦੇ ਹੁਕਮਨਾਮੇ ’ਚ ਕੋਈ ਤਬਦੀਲੀ ਨਹੀਂ ਹੈ ਤੇ ਬਗੈਰ ਕਿਸੇ ਆਨਾਕਾਨੀ ਦੇ ਤੁਰਤ ਇੰਜ-ਬਿੰਨ ਲਾਗੂ ਕੀਤਾ ਜਾਵੇ।’’
ਉਨ੍ਹਾਂ ਕਿਹਾ, ‘‘ਜਿਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਹੁਕਮਨਾਮਾ ਹੋਇਆ ਸੀ ਉਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਬੜਾ ਹੀ ਚੰਗਾ ਮਾਹੌਲ ਬਣਨ ਲੱਗਾ ਸੀ ਤੇ ਸਮੇਂ-ਸਮੇਂ ਤੇ ਸ੍ਰੋਮਣੀ ਅਕਾਲੀ ਦਲ ’ਚੋਂ ਕੱਢੇ ਜਾਂ ਛੱਡ ਕੇ ਗਏ ਲੋਕ ਅਪਣੀ ਖੇਤਰੀ ਪਾਰਟੀ ਦੀ ਭਰਤੀ ਕਰਨ ਲਈ ਖੁਲ੍ਹੇਆਮ ਬਿਆਨ ਦੇ ਕੇ ਇੱਛਾ ਜਾਹਰ ਕਰਨ ਲੱਗੇ ਸਨ। ਪਰ ਜਦੋਂ ਦੀ ਹੁਕਮਨਾਮੇ ਦੀ ਇੰਨ-ਬਿੰਨ ਪਾਲਣਾਂ ਤੋ ਟਾਲ਼ਾ ਵੱਟਿਆ ਜਾ ਰਿਹਾ ਹੈ ਉਸ ਦਿਨ ਦੀ ਫਿਰ ਖੇਤਰੀ ਪਾਰਟੀ ਦੇ ਮੁਦੱਈਆਂ ਨੂੰ ਨਮੋਸ਼ੀ ਹੋ ਰਹੀ ਹੈ।’’