
ਕੇਜਰੀਵਾਲ ਪੰਜਾਬ ਦੇ ਪਾਣੀਆਂ ਅਤੇ ਪਰਾਲੀ ਦੇ ਧੂੰਏਂ ਬਾਰੇ ਆਪਣਾ ਸਟੈਂਡ ਕਿਉਂ ਨਹੀਂ ਸਪੱਸ਼ਟ ਕਰਦਾ
ਪੰਜਾਬੀ 2017 ਵਾਂਗ ਆਪ ਦੇ ਸਬਜ਼ਬਾਗ ਵਿੱਚ ਨਹੀਂ ਆਉਣਗੇ
ਡੇਰਾ ਬਾਬਾ ਨਾਨਕ : ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਉਸ ਦੀ ਪਾਰਟੀ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ, ਕਿਸਾਨਾਂ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਦੁਸ਼ਮਣ ਪਾਰਟੀ ਦੱਸਿਆ।
ਰੰਧਾਵਾ ਨੇ ਆਖਿਆ ਕਿ ਪੰਜਾਬ ਵਿੱਚ ਧਾੜਵੀ ਗੈਂਗ ਵਾਂਗ ਵਿਚਰ ਰਹੇ ਦਿੱਲੀ ਦੇ ਆਪ ਆਗੂਆਂ ਨੇ ਹੁਣ ਤੱਕ ਪੰਜਾਬ ਚੋਣਾਂ ਵਿੱਚ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਕਿਸਾਨਾਂ ਦੀ ਪਰਾਲੀ ਦੇ ਧੂੰਏਂ ਬਾਰੇ ਆਪਣੇ ਪੁਰਾਣੇ ਸਟੈਂਡ ਉਤੇ ਧਾਰੀ ਗਈ ਚੁੱਪੀ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਪਹਿਲਾਂ ਹੀ ਦਿੱਲੀ ਅਤੇ ਹਰਿਆਣਾ ਦਾ ਹਿੱਸਾ ਕਹਿ ਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਜਾ ਚੁੱਕਾ ਹੈ, ਇਸ ਲਈ ਅਸੀਂ ਉਸ ਕੋਲ਼ੋਂ ਮੰਗ ਕਰਦੇ ਹਨ ਕਿ ਇਨ੍ਹਾਂ ਸਭ ਮੁੱਦਿਆਂ ਬਾਰੇ ਕੇਜਰੀਵਾਲ ਆਪਣਾ ਸਟੈਂਡ ਸਪੱਸ਼ਟ ਕਰੇ।
Home Minister Sukhjinder Singh Randhawa
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਜੋ ਸਬਜ਼ਬਾਗ ਪੰਜਾਬੀਆਂ ਨੂੰ ਦਿਖਾਏ ਜਾ ਰਹੇ ਹਨ, ਉਨ੍ਹਾਂ ਨੂੰ ਪਹਿਲਾ ਦਿੱਲੀ ਵਿੱਚ ਕਿਉਂ ਨਹੀਂ ਲਾਗੂ ਕੀਤਾ ਗਿਆ। ਸਿੱਖਿਆ ਦੀ ਕੌਮੀ ਦਰਜਾਬੰਦੀ ਵਿੱਚ ਪੰਜਾਬ ਪਹਿਲੇ ਨੰਬਰ ਉਤੇ ਹੈ ਅਤੇ ਕੋਰੋਨਾ ਦੇ ਔਖੇ ਸਮੇਂ ਦਿੱਲੀ ਵਿੱਚ ਮਰੀਜ਼ ਆਕਸੀਜਨ ਦੀ ਕਮੀ ਨਾਲ ਸਹਿਕਦੇ ਆਪਣੀ ਜਾਨ ਗਵਾ ਚੁੱਕੇ ਹਨ ਤੇ ਪੰਜਾਬ ਵਿੱਚ ਇਲਾਜ ਕਰਵਾਉਣ ਆਏ। ਇਸ ਨਾਲ ਦਿੱਲੀ ਦੇ ਸਿਹਤ ਤੇ ਸਿੱਖਿਆ ਦੇ ਫਰਜੀ ਮਾਡਲ ਦਾ ਬੁਲਬੁਲਾ ਫੁੱਟ ਗਿਆ ਸੀ।
ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਇਕ ਵੀ ਸਿੱਖ ਅਤੇ ਮਹਿਲਾ ਨੂੰ ਮੰਤਰੀ ਨਹੀਂ ਬਣਾਇਆ ਜਿਸ ਤੋਂ ਉਸ ਦੀ ਮਨੋਸਥਿਤੀ ਦਾ ਪਤਾ ਲੱਗਦਾ ਹੈ। ਪੰਜਾਬ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪਣੇ ਮਨਸੂਬਿਆਂ ਵਾਸਤੇ ਆਪ ਪਾਰਟੀ ਦੀ ਮੋਢੀ ਟੀਮ ਦੇ ਵੱਡੇ ਆਗੂਆਂ ਨੂੰ ਇਕ-ਇਕ ਕਰਕੇ ਬਾਹਰ ਦਾ ਰਾਸਤਾ ਦਿਖਾਇਆ।
Arvind Kejriwal
ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਔਰਤਾਂ ਨੂੰ ਪੰਚਾਇਤਾਂ ਤੇ ਮਿਉਂਸਪਲੈਟੀਆਂ ਵਿੱਚ 50 ਫ਼ੀਸਦੀ ਰਾਂਖਵਾਕਰਨ, ਸਰਕਾਰੀ ਨੌਕਰੀਆਂ ਵਿੱਚ ਰਾਂਖਵਾਕਰਨ ਅਤੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫਰ ਦੀ ਸਹੂਲਤ ਦੇ ਕੇ ਕ੍ਰਾਂਤੀਕਾਰੀ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਪਾਰਟੀ ਦੇ ਛਲਾਵਿਆਂ ਵਿੱਚ ਨਹੀਂ ਆਉਣਗੇ ਅਤੇ ਪਿਛਲ਼ੀਆਂ ਚੋਣਾਂ ਵਾਂਗ ਸ਼ੀਸ਼ਾ ਦਿਖਾਉਣਗੇ।