
ਅਕਾਲੀ-ਬਸਪਾ ਦਾ ਚੋਣ ਮੈਨੀਫ਼ੈਸਟੋ ਜਾਰੀ
ਹਰ ਵਰਗ ਦੇ ਲੋਕਾਂ ਨੂੰ 400 ਯੂਨਿਟ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਕੀਤਾ ਵਾਅਦਾ
ਚੰਡੀਗੜ੍ਹ, 15 ਫ਼ਰਵਰੀ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੇ ਅੱਜ ਅਪਣਾ ਚੋਣ ਮੈਨੀਫ਼ੈਸਟੋ ਜਾਰੀ ਕਰ ਦਿਤਾ ਹੈ। ਇਹ ਮੈਨੀਫ਼ੈਸਟੋ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਸੱਦੀ ਪ੍ਰੈਸ ਕਾਨਫ਼ਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਦੀ ਮੌਜੂਦਗੀ ਵਿਚ ਜਾਰੀ ਕੀਤਾ। ਜਾਰੀ ਕੀਤੇ ਮੈਨੀਫ਼ੈਸਟੋ ਵਿਚ ਲੰਮੇ ਚੌੜੇ ਲੁਭਾਵਣੇ ਵਾਅਦੇ ਕੀਤੇ ਗਏ ਹਨ।
ਹਰ ਵਰਗ ਦੇ ਲੋਕਾਂ ਨੂੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕੁੱਝ ਮੁੱਖ ਵਾਅਦਿਆਂ ਵਿਚ ਮਾਤਾ ਖੀਵੀ ਰਸੋਈ ਯੋਜਨਾ ਤਹਿਤ ਨੀਲਾ ਕਾਰਡ ਧਾਰਕ ਹਰ ਵਰਗ ਦੀਆਂ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ, ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 3100 ਰੁਪਏ ਕਰਨ, ਸ਼ਗਨ ਸਕੀਮ ਦੀ ਰਾਸ਼ੀ
51000 ਰੁਪਏ ਤੋਂ ਵਧਾ ਕੇ 75000 ਰੁਪਏ ਕੀਤੇ ਜਾਣ, ਬੇਘਰੇ ਪ੍ਰਵਾਰਾਂ ਨੂੰ 5 ਮਰਲੇ ਦੇ ਮੁਫ਼ਤ ਪਲਾਟ ਦੇਣ, 25000 ਦੀ ਆਬਾਦੀ ਪਿੱਛੇ ਬਹੁਪੱਖੀ ਸਹੂਲਤਾਂ ਵਾਲੇ ਮੈਗਾ ਸਕੂਲ ਬਣਾਉਣ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਨੌਜਵਾਨ ਨੂੰ ਬਾਹਰ ਪੜ੍ਹਾਈ ਲਈ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਜਾਰੀ ਕਰਨ, ਖੇਤੀ ਲਈ ਡੀਜ਼ਲ 10 ਰੁਪਏ ਸਸਤਾ
ਕਰਨ, 50 ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲੀ ਬੀਮਾ ਦੇਣ, ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿਚ 75 ਫ਼ੀ ਸਦੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਲਈ ਰਾਖਵੀਆਂ ਕਰਨ, 25 ਲੱਖ ਤੋਂ ਘੱਟ ਆਮਦਨ ਵਾਲੇ ਵਪਾਰੀਆਂ ਨੂੰ ਵਹੀ ਖਾਤਿਆਂ ਤੋਂ ਪੂਰੀ ਤਰ੍ਹਾਂ ਮੁਕਤ ਦੇ ਦਾਅਵੇ ਸ਼ਾਮਲ ਹਨ।
ਇਸ ਤੋਂ ਇਲਾਵਾ ਬਾਬੂ ਕਾਂਸੀ ਰਾਮ ਅਤੇ ਡਾ. ਅੰਬੇਦਕਰ ਦੇ ਨਾਵਾਂ ਸਮੇਤ 6 ਯੂਨੀਵਰਸਿਟੀਆਂ ਸਥਾਪਤ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਕ ਨਿਰੋਲ ਸਕਿਲ ਟੇ੍ਰਨਿੰਗ ਯੂਨੀਵਰਸਿਟੀ ਬਣਾਈ ਜਾਵੇਗੀ। ਰੇਤ ਤੇ ਸ਼ਰਾਬ ਮਾਫ਼ੀਏ ਦੇ ਖ਼ਾਤਮੇ ਲਈ ਨਿਗਮ ਬਣਾਉਣ ਦੀ ਗੱਲ ਕਹੀ ਗਈ ਹੈ। ਸਰਕਾਰੀ ਖੇਤਰ 5 ਸਾਲਾਂ ਵਿਚ 1 ਲੱਖ ਨੌਕਰੀਆਂ ਦੇਣ, ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰ ਕੇ ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਸਰਕਾਰੀ ਨੌਕਰੀਆਂ ਵਿਚ ਔਰਤਾਂ ਲਈ 50 ਫ਼ੀ ਸਦੀ ਰਾਖਵਾਂਕਰਨ ਕੀਤਾ ਜਾਵੇਗਾ। ਹਰ ਜ਼ਿਲ੍ਹੇ ਵਿਚ ਸੁਪਰ ਸਪੈਸ਼ਲਿਟੀ ਸਹੂਲਤਾਂ ਵਾਲਾ 50 ਬਿਸਤਰਿਆਂ ਦਾ ਮੈਡੀਕਲ ਕਾਲਜ ਤੇ ਹਸਪਤਾਲ ਖੋਲ੍ਹਿਆ ਜਾਵੇਗਾ। ਘੱਟ ਗਿਣਤੀ ਵਰਗਾਂ ਦੇ ਕਮਿਸ਼ਨ ਦੇ ਬੋਰਡ ਬਣਾਏ ਜਾਣਗੇ। ਫਗਵਾੜਾ ਤੇ ਖੰਨਾ ਨੂੰ ਨਵੇਂ ਜ਼ਿਲ੍ਹੇ ਬਣਾਉਣ ਦਾ ਉਤਸ਼ਾਹਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਸੋਲਰ ਊਰਜਾ ਨੂੰ ਇਸੇ ਤਰ੍ਹਾਂ ਹੋਰ ਬਹੁਤ ਵਾਅਦੇ ਕੀਤੇ ਗਏ ਹਨ।
ਸੁਖਬੀਰ ਬਾਦਲ ਨੇ ਮੈਨੀਫ਼ੈਸਟੋ ਜਾਰੀ ਕਰਨ ਸਮੇਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਹਮੇਸ਼ਾ ਕੀਤੇ ਵਾਅਦੇ ਪੂਰੇ ਕੀਤੇ ਹਨ ਅਤੇ ਹੁਣ ਵੀ ਜੋ ਕਿਹਾ ਹੈ ਉਹ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਵੀ ਚੋਣ ਮੈਨੀਫ਼ੈਸਟੋ ਨੂੰ ਕਾਨੂੰਨੀ ਦਰਜਾ ਦੇਣ ਦੇ ਹੱਕ ਵਿਚ ਹਨ ਅਤੇ ਘੱਟੋ ਘੱਟ 75 ਫ਼ੀ ਸਦੀ ਵਾਅਦੇ ਪੂਰੇ ਕਰਨੇ ਜ਼ਰੂਰੀ ਹੋਣ ਅਤੇ ਅਜਿਹਾ ਨਾ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਹੋਵੇ।