
ਵਿਰੋਧੀ ਪਾਰਟੀਆਂ ਪੰਜਾਬ ਵਿਚ ਹਿੰਦੂ-ਸਿੱਖਾਂ ਦਾ ਮਸਲਾ ਉਠਾ ਕੇ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਹਨ
ਲੁਧਿਆਣਾ - ਅੱਜ ਕਾਂਗਰਸ ਦੇ ਦਿੱਗਜ਼ ਨੇਤਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਇਕਜੁੱਟ ਰੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਪੰਜਾਬ ਵਿਚ ਹਿੰਦੂ-ਸਿੱਖਾਂ ਦਾ ਮਸਲਾ ਉਠਾ ਕੇ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਹਨ ਜਦਕਿ ਪੰਜਾਬ ਵਿਚ ਧਰਮ, ਜਾਤ ਵਾਲਾ ਕੋਈ ਮਸਲਾ ਨਹੀਂ ਹੈ ਸਾਰੇ ਪੰਜਾਬੀ ਮਿਲ ਕੇ ਪੰਜਾਬ ਵਿਚ ਰਹਿ ਰਹੇ ਹਨ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਪੰਜਾਬ ਵਿੱਚ ਹਿੰਦੂਆਂ ਤੇ ਸਿੱਖਾਂ ਵਿਚ ਫਰਕ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਸਲ ਵਿਚ ਆਈਐਸਆਈ ਦੇ ਏਜੰਟ ਹਨ।
Manish Tewari
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਜ਼ਬੂਤ ਸਰਕਾਰ ਦੀ ਲੋੜ ਹੈ। ਆਮ ਆਦਮੀ ਪਾਰਟੀ ਨੂੰ ਤਾਂ ਪੰਜਾਬ ਨੂੰ ਸਮਝਣ 'ਚ ਹੀ ਪੰਜ ਸਾਲ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਇਹ ਮੰਨਦਾ ਹਾਂ ਕਿ ਕਾਂਗਰਸ ਦੀ ਸਰਕਾਰ ਪੂਰੇ ਪੰਜ ਸਾਲ ਰਹੀ ਹੈ ਪਰ ਜੇਕਰ ਅਸੀ ਸਿਰਫ਼ ਤਿੰਨ ਮਹੀਨੇ ਦੀ ਗੱਲ ਕਰਾਂਗੇ ਤਾਂ ਪੰਜ ਸਾਲ ਦੇ ਕੰਮਾਂ ਦੀ ਨਜ਼ਰਅੰਦਾਜ਼ੀ ਹੋਵੇਗੀ। ਕੈਪਟਨ ਅਮਰਿੰਦਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਹਨ ਉਹ ਅੱਜ ਵੀ ਕੈਪਟਨ ਨੂੰ ਮਿਲਦੇ ਹਨ। ਉੱਥੇ ਹੀ ਉਨ੍ਹਾਂ ਮੁਫ਼ਤਖੋਰੀ ਦੀ ਰਾਜਨੀਤੀ ਦੇ ਮਾਮਲੇ 'ਤੇ ਕਿਹਾ ਕਿ ਰਾਜਨੀਤੀ ਵਿਚਾਰਾਂ ਦੀ ਹੋਣੀ ਚਾਹੀਦੀ ਹੈ ਜੋ ਮੁਫ਼ਤਖੋਰੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ 21 ਫਰਵਰੀ ਨੂੰ ਉਨ੍ਹਾਂ ਦਾ ਬਿਆਨ ਆ ਜਾਵੇਗਾ ਕਿ ਪੰਜਾਬ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ।
Manish Tiwari
ਜਦੋਂ ਉਨ੍ਹਾਂ ਨੂੰ ਕਾਂਗਰਸ ਛੱਡਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵਿਚਾਰਧਾਰਾ ਦਾ ਵਖਰੇਵਾਂ ਹੋ ਸਕਦਾ ਹੈ ਪਰ ਕਾਂਗਰਸ ਲਈ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦਿੱਤੀ ਹੈ ਇਸ ਕਰਕੇ ਅਜਿਹਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਸਰਹੱਦੋਂ ਪਾਰ ਆ ਰਹੇ ਹਥਿਆਰਾ ਜਾਂ ਨਸੀਲੇ ਪਦਾਰਥਾਂ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ 1975 ਤੋਂ ਪਾਕਿਸਤਾਨ ਲਗਾਤਾਰ ਹਥਿਆਰ ਅਤੇ ਨਸ਼ੇ ਭੇਜ ਕੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਜਰੀਵਾਲ ਵੱਲੋਂ ਇਸ ਵਿੱਚ ਸੁਰੱਖਿਆ ਏਜੰਸੀਆਂ ਦੀ ਮਿਲੀਭੁਗਤ ਦਾ ਦੋਸ਼ ਲਗਾਉਣਾ ਬਹੁਤ ਗੰਭੀਰ ਦੋਸ਼ ਹੈ। ਕੇਜਰੀਵਾਲ ਨੂੰ ਆਪਣੇ ਦਾਅਵੇ ਲਈ ਸਬੂਤ ਪੇਸ਼ ਕਰਨੇ ਚਾਹੀਦੇ ਹਨ।
manish Tiwari
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਲੁਧਿਆਣਾ ਅਤੇ ਬਰਨਾਲਾ 'ਚ ਨਸ਼ਿਆਂ ਅਤੇ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਕਿਸਤਾਨ ਤੋਂ ਨਸ਼ਾ, ਬੰਬ, ਟਿਫਿਨ ਬੰਬ, ਹਥਿਆਰ ਆ ਰਹੇ ਹਨ। ਇੱਥੋਂ ਦੇ ਲੋਕ ਖਰੀਦਦੇ ਹਨ। ਬਾਰਡਰ 'ਤੇ ਤਾਇਨਾਤ ਕੁਝ ਲੋਕ ਵੇਚੇ ਜਾਂਦੇ ਹਨ, ਜਿਸ ਕਾਰਨ ਇਹ ਮਾਲ ਇੱਥੇ ਆਉਂਦਾ ਹੈ।