
ਦਰਦਨਾਕ ਹਾਦਸੇ ਵਿਚ ਅਦਾਕਾਰ ਦੀਪ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਕਾਰਨ ਉਹਨਾਂ ਦੇ ਜੱਦੀ ਪਿੰਡ ਉਦੇਕਰਨ ਵਿਚ ਸੋਗ ਦੀ ਲਹਿਰ ਹੈ।
ਸ੍ਰੀ ਮੁਕਤਸਰ ਸਾਹਿਬ: ਦੇਰ ਰਾਤ ਸਿੰਘੂ ਬਾਰਡਰ ਨੇੜੇ ਕੇਐਮਪੀ ਹਾਈਵੇਅ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਅਦਾਕਾਰ ਦੀਪ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਕਾਰਨ ਉਹਨਾਂ ਦੇ ਜੱਦੀ ਪਿੰਡ ਉਦੇਕਰਨ ਵਿਚ ਸੋਗ ਦੀ ਲਹਿਰ ਹੈ। ਦੀਪ ਸਿੱਧੂ ਦੇ ਕਰੀਬੀ ਸੁਖਚੈਨ ਸਿੰਘ ਨੇ ਦੱਸਿਆ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਪਿੰਡ ਸਦਮੇ ਵਿਚ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਦਾ ਦੁਨੀਆਂ ਤੋਂ ਜਾਣਾ ਸਿਰਫ ਪਿੰਡ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਇੱਕ ਚੰਗੇ ਆਗੂ ਸਨ ਅਤੇ ਜਦੋਂ ਉਹ ਬੋਲਦੇ ਸਨ ਤਾਂ ਹਰ ਕੋਈ ਉਹਨਾਂ ਨੂੰ ਸੁਣਦਾ ਸੀ। ਉਹ ਸੱਚ ਦੀ ਗੱਲ ਕਰਦਾ ਸੀ। ਇਕ ਛੋਟੇ ਜਿਹੇ ਕਸਬੇ ਅਤੇ ਪਿੰਡ ਤੋਂ ਉੱਠ ਕੇ ਉਹ ਮੁੰਬਈ ਪਹੁੰਚਿਆ ਅਤੇ ਕਈ ਫਿਲਮਾਂ ਵਿਚ ਆਪਣਾ ਨਾਮ ਕਮਾਇਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਦੀਪ ਸਿੱਧੂ ਬਹੁਤ ਛੋਟੇ ਸਨ ਤਾਂ ਉਹਨਾਂ ਦੇ ਮਾਤਾ ਦਾ ਦੇਹਾਂਤ ਹੋ ਗਿਆ ਸੀ, ਜਿਸ ਮਗਰੋਂ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਪਿਤਾ ਨੇ ਕੀਤਾ। ਕਰੀਬ ਪੰਜ ਸਾਲ ਪਹਿਲਾਂ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ। ਦੀਪ ਸਿੱਧੂ ਦੀ ਬੇਵਕਤੀ ਮੌਤ ਨਾਲ ਪਿੰਡ ਵਾਸੀ ਸਦਮੇ ਵਿਚ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਦੀਪ ਸਿੱਧੂ ਦੇ ਦੇਹਾਂਤ ਮਗਰੋਂ ਹਰਿਆਣਾ ਪੁਲਿਸ ਵਲੋਂ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਉਹਨਾਂ ਦਾ ਅੰਤਿਮ ਸਸਕਾਰ ਅੱਜ ਸ਼ਾਮੀਂ ਪੰਜ ਵਜੇ ਲੁਧਿਆਣਾ ਦੇ ਥਰੀਕੇ ਪਿੰਡ ਵਿਚ ਹੋਵੇਗਾ।