
ਦੇਸ਼ ਦੇ ਕਿਸਾਨਾਂ, ਗ਼ਰੀਬਾਂ, ਦਲਿਤਾਂ ਤੇ ਔਰਤਾਂ ਬਾਰੇ ਸਿਰਫ਼ ਭਾਜਪਾ ਹੀ ਸੋਚ ਸਕਦੀ ਹੈ : ਜੇ.ਪੀ. ਨੱਢਾ
ਅਬੋਹਰ, 15 ਫ਼ਰਵਰੀ (ਕੁਲਦੀਪ ਸਿੰਘ ਸੰਧੂ): ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਅੱਜ ਬੱਲੂਆਣਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਵੰਦਨਾ ਸੰਘਵਾਲ ਦੇ ਹੱਕ ਵਿਚ ਸੀਤੋ ਗੁੰਨੋ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ ਤੇ ਸੁਰੱਖਿਆ ਦਾ ਮਾਹੌਲ ਬਣਾਉਣ ਲਈ ਭਾਜਪਾ ਦਾ ਸਾਥ ਦਿਉ।
ਇਸ ਦੌਰਾਨ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਜੇ.ਪੀ. ਨੱਢਾ ਨੇ ਕਿਹਾ ਕਿ ਇਹ ਚੋਣਾਂ ਕਿਸੇ ਪ੍ਰਵਾਰ ਜਾਂ ਸੱਤਾ ਹਾਸਲ ਕਰਨ ਵਾਲੇ ਮੌਕਾਪ੍ਰਸਤ ਲੋਕਾਂ ਲਈ ਨਹੀਂ ਸਗੋਂ ਉਨ੍ਹਾਂ ਲੋਕਾਂ ਨੂੰ ਚੁਣਨ ਦਾ ਮੌਕਾ ਹੈ ਜਿਹੜੇ ਦੇਸ਼ ਤੇ ਸੂਬੇ ਲਈ ਸੱਭ ਕੁੱਝ ਕੁਰਬਾਨ
ਕਰਨ ਦੀ ਸਮਰੱਥਾ ਰਖਦੇ ਹੋਣ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਗ਼ਰੀਬਾਂ, ਦਲਿਤਾਂ, ਔਰਤਾਂ ਤੇ ਨੌਜਵਾਨਾਂ ਬਾਰੇ ਜੋ ਕੁੱਝ ਕੀਤਾ ਗਿਆ ਹੈ ਉਹ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਬਾਰੇ ਸਿਰਫ਼ ਭਾਜਪਾ ਹੀ ਸੋਚ ਸਕਦੀ ਹੈ। ਕੋਰੋਨਾ ਦੌਰਾਨ ਜਿਥੇ ਸਾਰੇ ਦੇਸ਼ ਮੁਸੀਬਤ ਵਿਚ ਸਨ ਤਾਂ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਡੇ ਦੇਸ਼ ਦੇ 130 ਕਰੋੜ ਲੋਕਾਂ ਨੂੰ ਸੁਰੱਖਿਅਤ ਰਖਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਚਾਹੁੰਦੇ ਹੋ ਕਿ ਪੰਜਾਬ ਤਰੱਕੀ ਕਰੇ, ਪੰਜਾਬ ਕਰਜ਼ਾ ਮੁਕਤ ਹੋਵੇ, ਪੰਜਾਬ ’ਚੋਂ ਨਸ਼ਾ ਮਾਫ਼ੀਆ, ਰੇਤ ਮਾਫ਼ੀਆ ਖ਼ਤਮ ਹੋਵੇ, ਸੂਬੇ ਵਿਚ ਸ਼ਾਂਤੀ ਤੇ ਸੁਰੱਖਿਆ ਦਾ ਮਾਹੌਲ ਪੈਦਾ ਹੋਵੇ ਤਾਂ ਕਮਲ ਦੇ ਫੁੱਲ ਨੂੰ ਚੁਣੋ। ਨਰਿੰਦਰ ਮੋਦੀ ਦੀ ਅਗਵਾਈ ਵਿਚ ਹੀ ਦੇਸ਼ ਨੂੰ ਸੁਰੱਖਿਆ ਤੇ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਜੋ ਕਿਹਾ ਉਹ ਤਾਂ ਕੀਤਾ ਹੀ ਹੈ ਜੋ ਨਹੀਂ ਕਿਹਾ ਉਹ ਵੀ ਕਰ ਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ। ਜੇ.ਪੀ. ਨੱਢਾ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਤਹਿਤ ਜਨ-ਧਨ ਖਾਤੇ ਖੋਲ੍ਹੇ ਗਏ ਤੇ ਕਰੋਨਾ ਦੌਰਾਨ ਦੇਸ਼ ਦੀਆਂ 20 ਕਰੋੜ ਔਰਤਾਂ ਨੂੰ 500-500 ਰੁਪਏ ਉਨ੍ਹਾਂ ਦੇ ਖਾਤੇ ਵਿਚ ਭੇਜੇ ਗਏ ਤੇ ਉਨ੍ਹਾਂ ਦਾ ਚੁੱਲ੍ਹਾ ਬਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਅਸੀਂ ਡੰਕੇ ਦੀ ਚੋਟ ’ਤੇ ਕਹਿੰਦੇ ਹਾਂ ਕਿ ਜੋ ਕੱੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਕੀਤਾ ਉਹ ਕਿਸੇ ਨੇ ਅੱਜ ਤਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਬੜੇ ਲੋਕਾਂ ਨੇ ਡਫਲੀ ਵਜਾਈ ਤੇ ਕਿਸਾਨ ਲੀਡਰ ਹੋਣ ਦੇ ਯਤਨ ਕੀਤੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਬੜਾ ਕੁੱਝ ਕੀਤਾ। ਉਨ੍ਹਾਂ ਕਿਹਾ ਕਿ ਦੋ ਸਾਲਾਂ ਵਿਚ ਕਿਸਾਨਾਂ ਲਈ 180 ਲੱਖ ਕਰੋੜ ਰੁਪਿਆ ਖ਼ਰਚ ਕੀਤਾ ਗਿਆ। ਕਿਸਾਨਾਂ ਨੂੰ 2000-2000 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਦਿਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੰਜਾਬ ਦੇ ਸਾਢੇ ਦਸ ਲੱਖ ਕਿਸਾਨ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ 30 ਲੱਖ ਕਿਸਾਨਾਂ ਨੂੰ ਹੁਣ ਤੱਕ 10 ਕਿਸ਼ਤਾਂ ਮਿਲ ਚੁੱਕੀਆਂ ਹਨ। ਹਿੰਦੂ-ਸਿੱਖ ਏਕਤਾ ਦੀ ਗੱਲ ਕਰਦਿਆਂ ਜੇ.ਪੀ. ਨੱਢਾ ਨੇ ਕਿਹਾ ਕਿ ਹਰ ਕੋਈ ਸਿੱਖਾਂ ਦੀ ਗੱਲ ਕਰਦਾ ਹੈ ਤੇ ਵੋਟਾਂ ਲੈਂਦਾ ਹੈ ਪਰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਹੋਰ ਪਾਰਟੀਆਂ ਵਿਚ ਸਿੱਖ ਆਗੂਆਂ ਨੇ ਲਈਆਂ ਪਰ ਸਿੱਖਾਂ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨੇ ਲੰਬੇ ਸਮੇਂ ਤੋਂ ਸਿੱਖਾਂ ਦੀ ਮੰਗ ਨੂੰ ਵੇਖਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਇਆ, ਬਲੈਕ ਲਿਸਟ ਕੀਤੇ ਗਏ 316 ਲੋਕਾਂ ਵਿਚੋਂ 314 ਲੋਕਾਂ ਨੂੰ ਇਸ ਸੂਚੀ ’ਚੋਂ ਬਾਹਰ ਕਢਿਆ, ਲੰਗਰ ’ਤੇ ਲਗਦਾ ਟੈਕਸ ਹਟਾਇਆ ਗਿਆ, 350 ਕਰੋੜ ਰੁਪਏ ਸਾਲਾਨਾ ਟੈਕਸ ਕੇਂਦਰ ਸਰਕਾਰ ਭਰਦੀ ਹੈ। ਇਹ ਟੈਕਸ ਹਰਿਮੰਦਰ ਸਾਹਿਬ ਵਿਖੇ ਬਣਦੇ ਲੰਗਰ ’ਤੇ ਵੀ ਲਗਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਮੋਦੀ ਦੇ ਯਤਨਾਂ ਸਦਕਾ ਵਿਦੇਸ਼ਾਂ ਵਿਚ ਬੈਠੇ ਲੋਕ ਅਪਣੀ ਮੁਦਰਾ ਵਿਚ ਹਰਿਮੰਦਰ ਸਾਹਿਬ ਵਿਖੇ ਦਾਨ ਜਾਂ ਸੇਵਾ ਕਰ ਸਕਦੇ ਹਨ। ਇਹ ਪ੍ਰਬੰਧ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਰੇ ਦੇਸ਼ ਵਿਚ ਮਨਾਇਆ ਜਾਣ ਲਗਾ। 26 ਦਸੰਬਰ ਨੂੰ ਵੀਰਵਾਰ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। 1984 ਦੇ ਸਿੱਖ ਕਤਲੇਆਮ ਵਿਚ ਭਾਗੀਂ ਲੋਕਾਂ ਨੂੰ 30 ਸਾਲਾਂ ਬਾਅਦ ਤਿਹਾੜ ਜੇਲ੍ਹ ਭੇਜਿਆ ਗਿਆ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੰਦਨਾ ਸਾਂਗਵਾਨ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜੋ ਤਾਂ ਜੋ ਤੁਹਾਡੇ ਇਲਾਕੇ ਦਾ ਵਿਕਾਸ ਹੋ ਸਕੇ ਤੇ ਖ਼ੁਸ਼ਹਾਲੀ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਹੈ ਤਾਂ ਸੱਭ ਕੁੱਝ ਮੁਮਕਿਨ ਹੈ, ਇਸ ਲਈ ਭਾਜਪਾ ਦਾ ਸਾਥ ਦਿਉ। ਇਸ ਮੌਕੇ ’ਤੇ ਡਾ: ਰਾਮ ਕੁਮਾਰ ਗੋਇਲ ਸਾਬਕਾ ਵਿਧਾਇਕ, ਸ਼ਿਵਰਾਜ ਗੋਇਲ, ਰਾਕੇਸ਼ ਧੂੜੀਆ, ਨਿਹਾਲ ਚੰਦ ਮੇਘਵਾਲ, ਵਿਸ਼ਨੂੰ ਭਗਵਾਨ ਡੇਲੂ, ਧਨਪਤ ਸਿਆਗ, ਸੰਦੀਪ ਰਿਣਵਾ, ਹਰਦੇਵ ਮੇਘ ਗੋਬਿੰਦਗੜ੍ਹ ਤੇ ਹੋਰ ਆਗੂ ਵੀ ਹਾਜ਼ਰ ਸਨ। ਇਸ ਦੌਰਾਨ ਵੰਦਨਾ ਸਾਂਗਵਾਨ ਨੇ ਜੇ.ਪੀ. ਨੱਢਾ ਤੇ ਹੋਰ ਆਗੂਆਂ ਦਾ ਧਨਵਾਦ ਕੀਤਾ ਤੇ ਲੋਕਾਂ ਤੋਂ ਸਾਥ ਮੰਗਿਆ।
ਐਫ.ਜੇਡ.ਕੇ._15_05-ਹਲਕਾ ਬੱਲੂਆਣਾ ਦੇ ਪਿੰਡ ਸੀਤੋ ਗੁਨੋ ਵਿਖੇ ਮੰਦਨਾ ਸਾਂਗਵਾਲ ਦੇ ਹਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਰਨ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ।
ਤਸਵੀਰ:ਕੁਲਦੀਪ ਸਿੰਘ ਸੰਧੂ
ਐਫ.ਜੇਡ.ਕੇ._15_05ਏ-ਇਸ ਮੌਕੇ ਹਾਜ਼ਰ ਲੋਕਾਂ ਦਾ ਇਕੱਠ।
ਤਸਵੀਰ:ਕੁਲਦੀਪ ਸਿੰਘ ਸੰਧੂ