
ਸਰਕਾਰ ਵਲੋਂ 278 ਦਵਾਈਆਂ ਦੀ ਸੂਚੀ ਵਧਾਉਣ ਦਾ ਕੀਤਾ ਗਿਆ ਸੀ ਐਲਾਨ
Punjab News: ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਮੌਕੇ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਕਸਦ ਤਹਿਤ ਸਰਕਾਰੀ ਹਸਪਤਾਲਾਂ ਵਿਚ ਮੁਫਤ ਦਵਾਈਆਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 278 ਦਵਾਈਆਂ ਦੀ ਸੂਚੀ ਵਧਾਉਣ ਦੇ ਇਸ ਐਲਾਨ ਨੂੰ 20 ਤੋਂ ਵੱਧ ਦਿਨ ਹੋ ਗਏ ਹਨ।
ਇਸ ਦੌਰਾਨ ਇਕ ਨਿੱਜੀ ਅਖਬਾਰ ਵਲੋਂ ਕੀਤੇ ਗਏ ਰਿਐਲਿਟੀ ਚੈੱਕ ਵਿਚ ਸਾਹਮਣੇ ਆਇਆ ਕਿ ਗੁਰਦਾਸਪੁਰ ਸਮੇਤ 5 ਹਸਪਤਾਲਾਂ 'ਚ ਹੀ 300 ਤੋਂ ਵੱਧ ਦਵਾਈਆਂ ਹਨ, ਸੱਭ ਤੋਂ ਵੱਧ 460 ਦਵਾਈਆਂ ਦੀ ਉਪਲਬਧਤਾ ਪਟਿਆਲਾ 'ਚ ਹੈ, ਜਦਕਿ ਸੱਭ ਤੋਂ ਘੱਟ 209 ਦਵਾਈਆਂ ਰੋਪੜ ਦੇ ਜ਼ਿਲ੍ਹਾ ਹਸਪਤਾਲ ਵਿਚ ਹਨ। ਹਾਲਾਂਕਿ ਇਥੇ ਰੋਜ਼ਾਨਾ ਪਹੁੰਚ ਰਹੇ ਮਰੀਜ਼ਾਂ ਦੀ ਔਸਤਨ ਗਿਣਤੀ 500 ਤੋਂ ਵਧ ਕੇ 600-700 ਮਰੀਜ਼ ਹੋ ਰਹੀ ਹੈ। ਐਸਐਮਓ ਰੋਪੜ ਤਰਸੇਮ ਸਿੰਘ ਅਨੁਸਾਰ ਹਸਪਤਾਲ ਵਿਚ ਦਵਾਈ ਲੈਣ ਵਿਚ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਬਾਕੀ ਲੋੜੀਂਦੀਆਂ ਦਵਾਈਆਂ ਸਬੰਧੀ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ। ਇਸ ਸਵਾਲ ਦੇ ਜਵਾਬ ਵਿਚ ਹੋਰਨਾਂ ਜ਼ਿਲ੍ਹਿਆਂ ਦੇ ਐਸਐਮਓਜ਼ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਘਾਟ ਹੈ, ਜਿਸ ਕਾਰਨ ਸਿਰਫ਼ ਉਹੀ ਦਵਾਈਆਂ ਮੰਗਵਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਮੰਗ ਹੁੰਦੀ ਹੈ। ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ 20-30 ਫ਼ੀ ਸਦੀ ਦਾ ਵਾਧਾ ਹੋ ਰਿਹਾ ਹੈ।
ਪਠਾਨਕੋਟ ਵਿਚ 123, ਫ਼ਿਰੋਜ਼ਪੁਰ ਵਿਚ 100, ਮੋਗਾ ਵਿਚ 90, ਬਠਿੰਡਾ ਵਿਚ 85, ਜਲੰਧਰ ਵਿਚ 80 ਹੋਰ ਖ਼ਰੀਦਣ ਦੇ ਆਰਡਰ ਦਿਤੇ ਗਏ ਹਨ। ਮੌਜੂਦਾ ਸਮੇਂ ਵਿਚ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਬਾਹਰੋਂ ਦਵਾਈ ਲੈਣ ਵਾਲੀ ਕੋਈ ਦਵਾਈ ਨਹੀਂ ਲਿਖ ਰਹੇ ਹਨ। ਸਿਵਲ ਸਰਜਨ ਡਾ. ਰਮਿੰਦਰ ਕੌਰ ਦਾ ਕਹਿਣਾ ਹੈ ਕਿ ਦਵਾਈਆਂ ਦੀ ਖਰੀਦ ਲਈ ਕਮੇਟੀ ਬਣਾ ਦਿਤੀ ਗਈ ਹੈ ਅਤੇ ਇਸ ਤੋਂ ਬਾਅਦ ਟੈਂਡਰ ਜਾਰੀ ਕਰਕੇ ਅਗਲੇ ਦੋ ਦਿਨਾਂ ਵਿਚ ਨਿਰਧਾਰਤ ਮਾਪਦੰਡਾਂ ਅਨੁਸਾਰ ਦਵਾਈਆਂ ਦੀ ਖਰੀਦ ਮੁਕੰਮਲ ਕਰ ਲਈ ਜਾਵੇਗੀ।
ਦਵਾਈਆਂ ਦੀ ਉਪਲਬਧਤਾ ਮਾਲਵੇ ਦੇ ਜ਼ਿਲ੍ਹਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲੀ ਹੈ। ਸੰਗਰੂਰ ਵਿਚ 303, ਬਠਿੰਡਾ ਵਿਚ 300, ਫਰੀਦਕੋਟ ਵਿਚ 272, ਮੋਗਾ ਵਿਚ 232 ਕਿਸਮ ਦੀਆਂ ਦਵਾਈਆਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਸੰਗਰੂਰ ਵਿਚ ਓਪੀਡੀ ਮਰੀਜ਼ਾਂ ਦੀ ਗਿਣਤੀ 10% ਤਕ ਵਧੀ ਹੈ। ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਵਿਚ ਹਾਲਾਂਕਿ ਕੁੱਝ ਅਜਿਹੀਆਂ ਦਵਾਈਆਂ ਹਨ, ਜੋ ਸਿਵਲ ਹਸਪਤਾਲ ਵਿਚ ਨਹੀਂ ਮਿਲ ਰਹੀਆਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।