
ਕਿਹਾ, ਮੁਕਾਮ ਹਾਸਲ ਕਰਨ ਲਈ ਕਰਨੀ ਪਈ ਕਰੜੀ ਮਿਹਨਤ
ਜ਼ਿਲ੍ਹਾ ਕਪੂਰਥਲਾ ਦਾ ਨੌਜਵਾਨ ਲਵਪ੍ਰੀਤ ਸਿੰਘ ਬਣਿਆ ਐਸ.ਡੀ.ਐਮ.। ਲਵਪ੍ਰੀਤ ਸਿੰਘ ਕਿਹਾ ਕਿ ਅਸੀਂ ਮਿਹਨਤ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਨਾਲ ਹੁੰਦਾ ਹੈ ਤੇ ਸਾਡੇ ਮਾਤਾ ਪਿਤਾ ਤੇ ਸਾਡਾ ਸਾਰਾ ਪਰਿਵਾਰ ਸਾਡੇ ਨਾਲ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਮੁਕਾਮ ਹਾਸਲ ਕਰਨ ਲਈ ਪਰਮਾਤਮਾ ਦੀ ਕਿਰਪਾ ਤੇ ਵੱਡਿਆਂ ਦਾ ਆਸ਼ੀਰਵਾਦ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਇਹ ਮੁਕਾਮ ਮਿਹਨਤ, ਪਰਮਾਤਮਾ ਦੀ ਕਿਰਪਾ ਤੇ ਮਾਤਾ ਪਿਤਾ ਦੇ ਆਸ਼ੀਰਵਾਦ ਸਦਕਾ ਹੀ ਹਾਸਲ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ ਮੈਂ 3-4 ਸਾਲਾਂ ਤੋਂ ਮਿਹਨਤ ਕਰ ਰਿਹਾ ਸੀ ਤੇ ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਜਿਸ ਮੁਕਾਮ ਨੂੰ ਹਾਸਲ ਕਰਨਾ ਚਾਹੁੰਦੇ ਹਾਂ ਉਸ ਵਿਚ ਬਹੁਤ ਵਾਰ ਨਾਕਾਮ ਵੀ ਹੁੰਦੇ ਹਨ ਪਰ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ।
ਸਾਨੂੰ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ 2013-14 ਵਿਚ ਗਰੈਜੂਏਸ਼ਨ ਕੀਤੀ ਤੇ ਇਸ ਤੋਂ ਬਾਅਦ ਮੇਰੇ ਅੰਕਲ ਨੇ ਮੇਰੀ ਇਹ ਮੁਕਾਮ ਹਾਸਲ ਕਰਨ ਲਈ ਬਹੁਤ ਮਦਦ ਕੀਤੀ ਤੇ ਮੈਂ ਉਨ੍ਹਾਂ ਦਾ ਹਮੇਸ਼ਾ ਧਨਵਾਦੀ ਰਹਾਂਗਾ। ਲਵਪ੍ਰੀਤ ਸਿੰਘ ਦੇ ਪਿਤਾ ਜੀ ਨੇ ਕਿਹਾ ਕਿ ਸਾਡਾ ਸਾਰਾ ਪਰਿਵਾਰ ਲਵਪ੍ਰੀਤ ਨੂੰ ਐਸ.ਡੀ.ਐਮ ਬਣਨ ’ਤੇ ਬਹੁਤ ਖ਼ੁਸ਼ ਹੈ।
photo
ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਗੁਜਾਰ ਹਾਂ ਕਿ ਪਰਮਾਤਮਾ ਨੇ ਸਾਡੇ ਬੱਚੇ ਦੀ ਬਾਹ ਫੜੀ ਤੇ ਲਵਪ੍ਰੀਤ ਨੂੰ ਉਸ ਦਾ ਮੁਕਾਮ ਹਾਸਲ ਕਰਨ ਲਈ ਬਲ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਵੀ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਿਹਨਤੀ ਬੱਚਿਆਂ ਨੂੰ ਨੌਕਰੀਆਂ ਦਿਤੀਆਂ।
ਉਨ੍ਹਾਂ ਕਿਹਾ ਕਿ ਪਹਿਲਾਂ ਨੌਕਰੀਆਂ ਲਈ ਲੱਖਾਂ ਰੁਪਏ ਦਿਤੇ ਜਾਂਦੇ ਹਨ ਬੋਲੀਆਂ ਲੱਗਦੀਆਂ ਸਨ ਪਰ ਹੁਣ ਪੰਜਾਬ ਸਰਕਾਰ ਮਿਹਨਤੀ ਬੱਚਿਆਂ ਨੂੰ ਹੀ ਮੌਕਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲਵਪ੍ਰੀਤ ਸਿੰਘ ਕਿਸੇ ਹੋਰ ਡਿਪਾਰਟਮੈਂਟ ਲਈ ਚੁਣਿਆ ਗਿਆ ਸੀ ਪਰ ਲਵਪ੍ਰੀਤ ਨੇ ਹੋਰ ਮਿਹਨਤ ਕੀਤੀ ਤੇ ਹੁਣ ਪੀਸੀਐਸ ਸਿਲੈਕਟ ਹੋਇਆ ਤੇ ਐਸ.ਡੀ.ਐਮ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਭਗਵੰਤ ਮਾਨ ਦੀ ਚੰਗੀ ਸੋਚ ਦਾ ਨਤੀਜਾ ਹੈ ਜੋ ਬਿਨਾਂ ਭ੍ਰਿਸ਼ਟਾਚਾਰ ਦੇ ਬੱਚਿਆਂ ਨੂੰ ਮਨਚਾਹੀਆਂ ਨੌਕਰੀਆਂ ਮਿਲ ਰਹੀਆਂ ਹਨ, ਆਮ ਘਰਾਂ ਦੇ ਬੱਚੇ ਚੰਗੀਆਂ ਨੌਕਰੀਆਂ ਲਈ ਚੁਣੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਇਕ ਰਿਕਸ਼ਾ ਚਾਲਕ ਦੀ ਲੜਕੀ ਜੱਜ ਲੱਗੀ ਸੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ਮਿਹਨਤੀ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਤਾਂ ਉਹ ਬਾਹਰਲੇ ਮੁਲਕਾਂ ਵਿਚ ਕਿਉਂ ਜਾਣਗੇ।
ਉਨ੍ਹਾਂ ਨੇ ਲਵਪ੍ਰੀਤ ਸਿੰਘ ਤੇ ਪਰਿਵਾਰ ਨੂੰ ਵਧਾਈ ਦੇਣ ਆਏ ਲੋਕਾਂ, ਰਿਸ਼ਤੇਦਾਰਾਂ ਆਦਿ ਦਾ ਧਨਵਾਦ ਕੀਤਾ ਕਿ ਉਹ ਸਾਰੇ ਸਾਡੀ ਖ਼ੁਸ਼ੀ ਵੀ ਸ਼ਾਮਲ ਹੋਣ ਆਏ।