
Ludhiana News : ਇਕ ਮਹੀਨੇ ਤੋਂ ਚੱਲ ਰਿਹਾ ਸੀ ਇਲਾਜ, ਮੁਲਜ਼ਮ ਸੱਸ ਅਤੇ ਸਹੁਰਾ ਫ਼ਰਾਰ
Woman who was alive for not having a son, dies during treatment Latest News in Punjabi : ਲੁਧਿਆਣਾ ਵਿਚ ਦਾਜ ਅਤੇ ਪੁੱਤਰ ਨਾ ਹੋਣ ਕਾਰਨ ਜ਼ਿੰਦਾ ਸਾੜੀ ਗਈ ਸੁਖਜੀਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੀੜਤਾ ਦਾ ਇਕ ਮਹੀਨੇ ਤੋਂ ਅੱਜ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਮ੍ਰਿਤਕਾ ਦੇ ਪਿਤਾ ਸਤਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਧੀ ਉਸ ਦੇ ਪਤੀ ਗੁਰਮੀਤ ਸਿੰਘ ਨੇ ਅਪਣੇ ਮਾਪਿਆਂ ਨਾਲ ਮਿਲ ਕੇ ਜ਼ਿੰਦਾ ਸਾੜ ਦਿਤੀ ਸੀ।
ਸੁਖਜੀਤ, ਜੋ ਕਿ ਗੰਭੀਰ ਰੂਪ ਵਿਚ ਸੜ ਗਈ ਸੀ, ਨੂੰ ਪਹਿਲਾਂ ਮੁੱਲਾਪੁਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਥੋਂ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਸੀ। ਇਕ ਲੰਬੀ ਲੜਾਈ ਤੋਂ ਬਾਅਦ ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਹੁਣ ਤਕ ਸਿਰਫ਼ ਮੁਲਜ਼ਮ ਪਤੀ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਸੱਸ ਮਨਜੀਤ ਕੌਰ ਅਤੇ ਸਹੁਰਾ ਅਮਰਜੀਤ ਸਿੰਘ ਅਜੇ ਵੀ ਫ਼ਰਾਰ ਹਨ।
ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਉਹ ਇਕ ਮਹੀਨੇ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਹੈ ਅਤੇ ਐਸਐਸਪੀ ਨੂੰ ਵੀ ਮਿਲਿਆ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਪਰਵਾਰ ਨੇ ਚੇਤਾਵਨੀ ਦਿਤੀ ਕਿ ਉਹ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤਕ ਅੰਤਮ ਸਸਕਾਰ ਨਹੀਂ ਕਰਨਗੇ। ਉਨ੍ਹਾਂ ਚੇਤਾਵਨੀ ਦਿਤੀ ਹੈ ਕਿ ਜੇ ਸ਼ਾਮ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਲਾਸ਼ ਨੂੰ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇਅ 'ਤੇ ਰੱਖ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਗਰਾਉਂ ਦੇ ਸਰਕਾਰੀ ਹਸਪਤਾਲ ਵਿਚ ਰਖਿਆ ਗਿਆ ਹੈ।
ਪੁਲਿਸ ਨੇ ਮੁਲਜ਼ਮ ਪਤੀ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਸੱਸ ਮਨਜੀਤ ਕੌਰ ਅਤੇ ਸਹੁਰਾ ਅਮਰਜੀਤ ਸਿੰਘ ਫ਼ਰਾਰ ਹਨ।