
ਪ੍ਰਦੇਸ਼ ਵਿਚ ਹੁਣ 5-6 ਗੈਂਗਸਟਰ ਹੀ ਬਚੇ ਹਨ, ਬਾਕੀਆਂ ਦਾ ਸਫ਼ਾਇਆ ਕਰ ਦਿਤਾ ਗਿਆ ਹੈ
ਮੋਗਾ : ਲੋਕਸਭਾ ਚੋਣ ਸ਼ਾਂਤੀ ਪੂਰਵਕ ਮੁਕੰਮਲ ਕਰਵਾਉਣ ਅਤੇ ਸੁਰੱਖਿਆ ਨੂੰ ਲੈ ਕੇ ਡੀਜੀਪੀ ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਮੋਗਾ ਵਿਚ ਪੁਲਿਸ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਉਥੇ ਹੀ, ਪ੍ਰੈੱਸ ਕਾਂਨਫਰੰਸ ਵਿਚ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਵਿਚ ਹੁਣ 5-6 ਗੈਂਗਸਟਰ ਹੀ ਬਚੇ ਹਨ, ਬਾਕੀਆਂ ਦਾ ਸਫ਼ਾਇਆ ਕਰ ਦਿਤਾ ਗਿਆ ਹੈ। ਚੋਣ ਕਮਿਸ਼ਨ ਨੇ ਗੈਂਗਸਟਰਾਂ ਦੀ ਲਿਸਟ ਮੰਗੀ ਸੀ।
ਇਸ ਲਈ ਰਾਜ ਵਿਚ ਸਰਗਰਮ 5-6 ਗੈਂਗਸਟਰਾਂ ਦੇ ਨਾਮਾਂ ਦੀ ਲਿਸਟ ਭੇਜ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਦੇ ਦੌਰਾਨ ਇਨ੍ਹਾਂ ਨੂੰ ਫਟਕਣ ਨਹੀਂ ਦਿਤਾ ਜਾਵੇਗਾ। ਸੁਰੱਖਿਆ ਲਈ ਪੂਰੇ ਸੂਬੇ ਵਿਚ 81 ਹਜ਼ਾਰ ਪੁਲਿਸ ਕਰਮਚਾਰੀ ਤੈਨਾਤ ਰਹਿਣਗੇ। ਲਗਭੱਗ ਇਕ ਘੰਟਾ ਚੱਲੀ ਬੈਠਕ ਵਿਚ ਡੀਜੀਪੀ ਨੇ ਬੈਠਕ ਵਿਚ ਮੌਜੂਦ ਪੁਲਿਸ ਅਫ਼ਸਰਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਚੋਣਾਂ ਵਿਚ ਕਿਸੇ ਤਰ੍ਹਾਂ ਗੜਬੜੀ ਨਾ ਹੋਵੇ, ਇਸ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇ।
ਮੀਟਿੰਗ ਵਿਚ ਲਾਅ ਐਂਡ ਆਰਡਰ ਏਡੀਜੀਪੀ ਈਸ਼ਵਰ ਸਿੰਘ, ਐਸਟੀਐਫ਼ ਚੀਫ਼ ਗੁਰਪ੍ਰੀਤ ਦਿਓ, ਏਆਈਜੀ ਐਸਟੀਐਫ਼ ਸਨੇਹਦੀਪ ਸ਼ਰਮਾ, ਆਈਜੀ ਫਿਰੋਜ਼ਪੁਰ ਮੁਖਬਿੰਦਰ ਸਿੰਘ ਛੀਨਾ, ਐਸਐਸਪੀ ਅਮਰਜੀਤ ਸਿੰਘ ਬਾਜਵਾ, ਐਸਪੀਡੀ ਹਰਿੰਦਰ ਪਾਲ ਸਿੰਘ ਪਰਮਾਰ, ਐਸਪੀ ਐਚ ਸਮੇਤ ਜ਼ਿਲ੍ਹੇ ਦੇ ਸਾਰੇ ਡੀਐਸਪੀ, ਐਸਐਚਓ ਮੌਜੂਦ ਸਨ। ਡੀਜੀਪੀ ਨੇ ਕਿਹਾ, ਅੱਜ ਡਿਜ਼ੀਟਲ ਦਾ ਜਮਾਨਾ ਹੈ ਅਤੇ ਸਾਨੂੰ ਅਪਣੇ ਨਾਲ ਜ਼ਿਆਦਾ ਮਾਤਰਾ ਵਿਚ ਕੈਸ਼ ਲੈ ਕੇ ਨਹੀਂ ਚੱਲਣਾ ਚਾਹੀਦਾ ਹੈ।
ਇਹੀ ਨਹੀਂ ਜਦੋਂ ਸਾਡੇ ਘਰ ਵਿਚ ਕੋਈ ਵਿਆਹ ਆਦਿ ਦਾ ਪ੍ਰੋਗਰਾਮ ਹੋਵੇ ਤਾਂ ਔਰਤਾਂ ਨੂੰ ਇਕੱਲੇ ਬੈਂਕ ਤੋਂ ਵੱਡੀ ਰਾਸ਼ੀ ਜਾਂ ਗਹਿਣੇ ਕਢਾ ਕੇ ਨਹੀਂ ਲਿਆਉਣੇ ਚਾਹੀਦੇ। ਉਨ੍ਹਾਂ ਨੂੰ ਅਪਣੇ ਨਾਲ 1 ਜਾਂ ਦੋ ਜਾਣਕਾਰਾਂ ਨੂੰ ਲੈ ਜਾਣਾ ਚਾਹੀਦਾ ਹੈ ਤਾਂਕਿ ਬੈਂਕਾਂ ਦੇ ਬਾਹਰ ਘਾਤ ਲਗਾ ਕੇ ਬੈਠੇ ਬਦਮਾਸ਼ਾਂ ਤੋਂ ਬਚਿਆ ਜਾ ਸਕੇ। ਡੀਜੀਪੀ ਨੇ ਕਿਹਾ ਕਿ ਹਰ ਜਗ੍ਹਾ ਅਤੇ ਹਰ ਸਮਾਂ ਪੁਲਿਸ ਤੁਹਾਡੇ ਨਾਲ ਨਹੀਂ ਰਹਿ ਸਕਦੀ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੂਬੇ ਵਿਚ ਨਸ਼ਾ ਤਸਕਰਾਂ ਦਾ ਵੱਡਾ ਨੈੱਟਵਰਕ ਤਿਆਰ ਹੋ ਚੁੱਕਿਆ ਸੀ।
ਜਿਸ ਨੂੰ ਪਿਛਲੇ ਦੋ ਸਾਲਾਂ ਵਿਚ ਪੁਲਿਸ ਅਤੇ ਉਸ ਦੇ ਵੱਖ-ਵੱਖ ਵਿੰਗਜ਼ ਨੇ ਬ੍ਰੇਕ ਕੀਤਾ ਹੈ। ਪੰਜਾਬ ਬਾਰਡਰ ਏਰੀਆ ਹੋਣ ਦੇ ਚਲਦੇ ਸਰਹੱਦ ਪਾਰ ਤੋਂ ਹੈਰੋਇਨ ਦੀ ਜ਼ਿਆਦਾ ਤਸਕਰੀ ਹੋ ਰਹੀ ਹੈ। ਇਸ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਤੋਂ ਵੀ ਹੈਰੋਇਨ ਬਠਿੰਡਾ, ਮਾਨਸਾ ਅਤੇ ਮੁਕਤਸਰ ਇਲਾਕੇ ਵਿਚ ਸਪਲਾਈ ਹੋ ਰਹੀ ਹੈ। ਅਜਿਹੇ ਵਿਚ ਪੁਲਿਸ ਨੇ ਵੱਡੀ ਗਿਣਤੀ ਵਿਚ ਨਸ਼ਾ ਤਸਕਰਾਂ ਨੂੰ ਫੜਿਆ ਹੈ।
ਤਸਕਰਾਂ ਵਿਚ ਮੁੱਖ ਸੁਰਿੰਦਰ ਕੁਮਾਰ ਅਤੇ ਉਸ ਦੇ ਪੰਜ ਸਾਥੀਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ। ਉਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਬਾਅਦ ਹੈਰੋਇਨ ਤਸਕਰੀ ਵਿਚ ਕਾਫ਼ੀ ਕਮੀ ਆਈ ਹੈ। ਹਾਲ ਹੀ ਵਿਚ ਪੁਲਿਸ ਨੇ ਨੌਂ ਪੈਕਟਾਂ ਅਤੇ ਸਾਢੇ 14 ਕਿੱਲੋ ਹੈਰੋਇਨ ਫੜੀ ਸੀ।