
ਰਵੀਇੰਦਰ ਸਿੰਘ ਨੇ ਕਿਹਾ, ਮਾਸਟਰ ਤਾਰਾ ਸਿੰਘ ਤੋਂ ਸਬਕ ਲੈਣ ਜੋ ਦੁਪਹਿਰ ਦੀ ਰੋਟੀ ਘਰੋਂ ਲੈ ਕੇ ਆਉਂਦੇ ਸੀ।
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਾਅਵਾ ਕੀਤਾ ਹੈ ਕਿ ਸਿੱਖ-ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਦੇ ਧਾਰਮਕ ਮਸਲਿਆਂ ਵਿਚ ਬਾਦਲਾਂ ਦੀ ਸਿਆਸੀ ਦਖ਼ਲ-ਅੰਦਾਜ਼ੀ ਕਾਰਨ ਸਿਰੇ ਦਾ ਨਿਘਾਰ ਆਇਆ ਹੈ।
Photo
ਸ.ਰਵੀਇੰਦਰ ਸਿੰਘ ਸ. ਪ੍ਰਕਾਸ਼ ਸਿੰਘ ਬਾਦਲ ਦੀ ਟੀ.ਵੀ. ਇੰਟਰਵਿਊ 'ਤੇ ਪ੍ਰਤੀਕ੍ਰਿਆ ਜ਼ਾਹਰ ਕਰ ਰਹੇ ਸਨ, ਜਿਨ੍ਹਾਂ ਕਿਹਾ ਹੈ ਕਿ ਉਹ (ਬਾਦਲ) ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲੇ ਫ਼ੈਸਲਿਆਂ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਦੇ।
Photo
ਰਵੀਇੰਦਰ ਸਿੰਘ ਨੇ ਇਸ ਨਿਘਾਰ ਨੂੰ ਖ਼ਤਮ ਕਰਨ ਲਈ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਚੋਣਾਂ ਵਿਚ ਚੰਗੇ ਕਿਰਦਾਰ ਤੇ ਮਜ਼ਬੂਤ ਚਰਿੱਤਰ ਵਾਲੀਆਂ ਧਾਰਮਕ ਸ਼ਖ਼ਸੀਅਤਾਂ ਨੂੰ ਹੀ ਉਮੀਦਵਾਰ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਇਸ ਮਹਾਨ ਸੰਸਥਾ ਨੂੰ ਸਿਆਸੀ ਗੁਲਾਮੀ ਤੋਂ ਮੁਕਤ ਕਰਵਾਉਣ ਨਾਲ ਹੀ ਗੁਰਦਵਾਰਾ ਪ੍ਰਬੰਧਾਂ ਵਿਚ ਸੁਧਾਰ ਆਉਣ ਦੇ ਨਾਲ-ਨਾਲ ਗੁਰੂ ਕੀ ਗੋਲਕ ਦੀ ਹੋ ਰਹੀ ਲੁੱਟ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ।
Photo
ਰਵੀਇੰਦਰ ਸਿੰਘ ਨੇ ਛੋਟੇ-ਵੱਡੇ ਬਾਦਲਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ, ਅਕਾਲ-ਤਖ਼ਤ ਸਾਹਿਬ ਦੇ ਫ਼ੈਸਲਿਆਂ 'ਤੇ ਉਂਗਲਾਂ ਉਠ ਰਹੀਆਂ ਹਨ ਜੋ ਸਿੱਖ ਕੌਮ ਨੂੰ ਗ਼ੈਰ-ਸਿੱਖਾਂ ਵਿਚ ਨੀਵਾਂ ਕਰ ਰਹੀਆਂ ਹਨ। ਪੰਥ ਵਿਚੋਂ ਛੇਕੇ ਚਰਿੱਤਰਹੀਣਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਤਾਂ ਜੋ ਅਜਿਹੇ ਹੋਰ ਕਿਰਦਾਰ ਵਾਲੇ ਸਬਕ ਸਿੱਖ ਸਕਣ।
Photo
ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਅਜਿਹੇ ਲੋਕਾਂ ਨੂੰ ਮਾਫ਼ੀ ਦੇਣ ਨਾਲ ਬੁਰੇ ਕਿਰਦਾਰ ਵਾਲੇ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ। ਸ. ਰਵੀਇੰਦਰ ਸਿੰਘ ਨੇ ਗੋਲਕ ਲੁੱਟਣ ਵਾਲਿਆਂ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਉਹ ਪੰਥ-ਰਤਨ ਮਾ.ਤਾਰਾ ਸਿੰਘ ਦੇ ਜੀਵਨ ਤੋਂ ਸਿੱਖਣ ਜੋ ਦਫ਼ਤਰੀ ਜੀਪ ਦੀ ਵਰਤੋਂ ਪੰਥਕ ਕਾਰਜਾਂ ਲਈ ਕਰਦੇ ਸਨ ਅਤੇ ਵਾਪਸ ਘਰ ਟਾਂਗੇ 'ਤੇ ਜਾਂਦੇ ਸਨ। ਮਾਸਟਰ ਜੀ ਦੁਪਹਿਰ ਦੀ ਰੋਟੀ ਘਰੋਂ ਲਿਆਉਂਦੇ ਸਨ ਪਰ ਅਫ਼ਸੋਸ ਹੁਣ ਸੱਭ ਕੁੱਝ ਹੀ ਉਲਟ ਹੋ ਰਿਹਾ ਹੈ।
Photo
ਸ.ਰਵੀਇੰਦਰ ਸਿੰਘ ਨੇ ਸਿੱਖ-ਕੌਮ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ-ਕਮੇਟੀ ਬਾਦਲਾਂ ਤੋਂ ਮੁਕਤ ਕਰਵਾਉਣ, ਗੋਲਕ ਦੀ ਲੁੱਟ ਰੋਕਣ, ਗੁਰਧਾਮਾਂ ਦਾ ਪ੍ਰਬੰਧ ਸੁਚਾਰੂ ਹੱਥਾਂ ਵਿਚ ਦੇਣ, ਬੇਅਦਬੀ ਕਾਂਡ ਮੁੜ ਨਾ ਵਾਪਰਨ, ਟਰੱਸਟ ਅਜ਼ਾਦ ਕਰਵਾਉਣ ਆਦਿ ਲਈ ਉਹ ਬਾਦਲਾਂ ਦੀ ਥਾਂ ਸਾਂਝੇ ਫ਼ਰੰਟ ਦਾ ਸਾਥ ਦੇਣ ਤਾਂ ਜੋ, ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਡਿਕਟੇਟਰ ਬਣੇ ਬਾਦਲਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਸਕੇ।