
ਮਾਲਵੇ ਦੇ ਉਮੀਦਵਾਰਾਂ ਨੇ ਕਈ ਵੱਡੇ ਆਗੂਆਂ ਸਿਰ ਠੀਕਰਾ ਭੰਨਿਆ
ਨਵਜੋਤ ਸਿੱਧੂ, ਚੰਨੀ ਅਤੇ ਸੁਨੀਲ ਜਾਖੜ ਰਹੇ ਨਿਸ਼ਾਨੇ ਉਪਰ, ਉਮੀਦਵਾਰਾਂ ਦੇ ਗੁੱਸੇ ਨੂੰ ਦੇਖਦਿਆਂ ਚੰਨੀ ਕਾਂਗਰਸ ਭਵਨ ਵਿਚੋਂ ਹਰੀਸ਼ ਚੌਧਰੀ ਤੇ ਸਿੱਧੂ ਨੂੰ ਮਿਲ ਕੇ ਹੀ ਥੋੜ੍ਹੇ ਸਮੇਂ ਬਾਅਦ ਚਲੇ ਗਏ
ਚੰਡੀਗੜ੍ਹ, 15 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕਾਂਗਰਸ ਦੀ ਹੋਈ ਵੱਡੀ ਹਾਰ ਦਾ ਮੰਥਨ ਕਰਨ ਲਈ ਅੱਜ ਇਥੇ ਕਾਂਗਰਸ ਭਵਨ ਵਿਚ ਪਾਰਟੀ ਦੇ ਇੰਚਾਰਜ ਹਰੀਸ਼ ਚੌਧਰੀ ਵਲੋਂ ਸੱਦੀ ਗਈ ਮੀਟਿੰਗ ਵਿਚ ਮਾਹੌਲ ਬੜੀ ਗਰਮਾ ਗਰਮੀ ਵਾਲਾ ਰਿਹਾ | ਅੱਜ ਮਾਲਵਾ ਖੇਤਰ ਨਾਲ ਸਬੰਧਤ 69 ਸੀਟਾਂ ਦੇ ਉਮੀਦਵਾਰਾਂ ਨੂੰ ਸੱਦਿਆ ਗਿਆ ਸੀ ਅਤੇ 16 ਮਾਰਚ ਨੂੰ ਦੋਆਬਾ ਤੇ ਮਾਝਾ ਖੇਤਰ ਵਿਚ ਚੋਣ ਲੜੇ ਜਿੱਤੇ ਤੇ ਹਾਰੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਵਿਚਾਰ ਸੁਣਨ ਲਈ ਸੱਦਿਆ ਗਿਆ ਹੈ |
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੰਗਠਨ ਸਕੱਤਰ ਪ੍ਰਗਟ ਸਿੰਘ ਵੀ ਪਹੁੰਚੇ | ਭਾਵੇਂ ਚੋਣ ਨਤੀਜਿਆਂ ਨੂੰ ਲੈ ਕੇ ਸੂਬੇ ਦੇ ਪ੍ਰਮੁੱਖ ਕਾਂਗਰਸ ਨੇਤਾ ਇਕ ਦੂਜੇ ਸਿਰ ਠੀਕਰਾ ਭੰਨਦਿਆਂ ਕਈ ਦਿਨਾਂ ਤੋਂ ਬਿਆਨਬਾਜ਼ੀ ਕਰ ਰਹੇ ਸਨ ਪਰ ਅੱਜ ਵੀ ਵੱਖ ਵੱਖ ਉਮੀਦਵਾਰਾਂ ਨੇ ਖੁਲ੍ਹ ਕੇ ਕਈ ਪ੍ਰਮੁੱਖ ਨੇਤਾਵਾਂ ਵਿਰੁਧ ਭੜਾਸ ਕਢਦਿਆਂ ਉਨ੍ਹਾਂ ਵਲੋਂ ਚੋਣਾਂ ਦੌਰਾਨ ਇਕ ਦੂਜੇ ਵਿਰੁਧ ਕੀਤੀ ਬਿਆਨਬਾਜ਼ੀ ਨੂੰ ਹਾਰ ਲਈ ਜ਼ਿੰਮੇਵਾਰ ਦਸਿਆ | ਮੁੱਖ ਤੌਰ 'ਤੇ ਨਵਜੋਤ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਨਿਸ਼ਾਨੇ ਉਪਰ ਰਹੇ | ਜ਼ਿਕਰਯੋਗ ਗੱਲ ਹੈ ਕਿ ਅੱਜ ਵਿਧਾਇਕਾਂ ਨੂੰ ਇਕੱਠੇ ਬਿਠਾ ਕੇ ਸੁਣਨ ਦਾ ਪ੍ਰੋਗਰਾਮ ਸੀ ਪਰ ਹਾਰੇ ਹੋਏ ਮੈਂਬਰਾਂ ਦੇ ਗੁੱਸੇ ਨੂੰ ਦੇਖਦਿਆਂ ਹਰੀਸ਼ ਚੌਧਰੀ ਨੇ ਇਸ ਦੀ ਥਾਂ ਇਕੱਲੇ ਇਕੱਲੇ ਵਿਧਾਇਕ ਤੋਂ ਵਿਚਾਰ ਸੁਣੇ | ਵਿਧਾਇਕ ਤਾਂ ਬਾਹਰ ਹੀ ਮੀਡੀਆ ਸਾਹਮਣੇ ਖੁਲ੍ਹ ਕੇ ਬੋਲ ਰਹੇ ਸਨ | ਇਹ ਗੱਲ ਵੀ ਵਰਨਣਯੋਗ ਹੈ ਕਿ ਚੰਨੀ ਵੀ ਕਈ ਅਹੁਦੇਦਾਰਾਂ ਦੇ ਗੁੱਸੇ ਵਾਲੇ ਰੁਖ਼ ਨੂੰ ਭਾਂਪਦਿਆਂ ਹਰੀਸ਼ ਚੌਧਰੀ ਤੇ ਸਿੱਧੂ ਨਾਲ ਮੀਟਿੰਗ ਕਰ ਕੇ ਪਹਿਲਾਂ ਹੀ ਪੰਜਾਬ ਕਾਂਗਰਸ ਭਵਨ ਵਿਚੋਂ ਚਲੇ ਗਏ |
ਰਣਦੀਪ ਸਿੰਘ ਨਾਭਾ ਸਾਬਕਾ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਆਗੂਆਂ ਦੀ ਇਕ ਦੂਜੇ ਵਿਰੁਧ ਬਿਆਨਬਾਜ਼ੀ ਮਹਿੰਗੀ ਪਈ ਹੈ ਅਤੇ ਲੋਕਾਂ ਵਿਚ ਗ਼ਲਤ
ਸੰਦੇਸ਼ ਚਲਾ ਗਿਆ ਸੀ | ਉਨ੍ਹਾਂ ਕਿਹਾ ਕਿ ਕੈਪਟਨ ਨੂੰ ਵੀ ਆਖ਼ਰੀ ਸਮੇਂ ਹਟਾਉਣਾ ਸਹੀ ਨਹੀਂ ਸੀ | ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਗੁਰਪ੍ਰੀਤ ਸਿੰਘ ਜੀ.ਪੀ. ਨੇ ਸਿੱਧੇ ਤੌਰ 'ਤੇ ਚੰਨੀ ਨੂੰ ਹਾਰ ਲਈ ਜ਼ਿੰਮੇਵਾਰ ਦਸਿਆ | ਰਾਜਾ ਵੜਿੰਗ ਨੇ ਵੀ ਆਪਸੀ ਖਹਿਬਾਜ਼ੀ ਨੂੰ ਕਾਰਨ ਦਸਿਆ ਅਤੇ ਸੁਰਜੀਤ ਧੀਮਾਨ ਵਲੋਂ ਹਾਈਕਮਾਨ 'ਤੇ ਸਵਾਲ ਚੁਕਣ ਨੂੰ ਗ਼ਲਤ ਦਸਦਿਆਂ ਉਸ ਨੂੰ ਪਾਰਟੀ ਵਿਚੋਂ ਬਾਹਰ ਕਰਨ ਦੀ ਮੰਗ ਕੀਤੀ | ਗੁਰਪ੍ਰੀਤ ਕਾਂਗੜ ਨੇ ਵੀ ਨਵਜੋਤ ਸਿੱਧੂ 'ਤੇ ਗੁੱਸਾ ਕਢਦਿਆਂ ਹਾਰ ਲਈ ਜ਼ਿੰਮੇਵਾਰ ਦਸਿਆ | ਇਸੇ ਤਰ੍ਹਾਂ ਦੇ ਵਿਚਾਰ ਹੀ ਬਹੁਤੇ ਮੈਂਬਰਾਂ ਨੇ ਹਰੀਸ਼ ਚੌਧਰੀ ਸਾਹਮਣੇ ਦਿਤੇ | ਬਲਬੀਰ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਨੇ ਵੀ ਚੰਨੀ, ਸਿੱਧੂ ਨੂੰ ਜ਼ਿੰਮੇਵਾਰ ਦਸਿਆ |