
26 ਨਾਕਿਆਂ ਤੇ ਪੁਲਿਸ ਨੇ 79 ਵਾਹਨ ਕੀਤੇ ਜ਼ਬਤ
Mohali News: ਮੋਹਾਲੀ ਸ਼ਹਿਰ ਤੇ ਨੇੜਲੇ ਇਲਾਕਿਆਂ ਵਿਚ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਦੁਪਹੀਆ ਤੇ ਕਾਰ ਚਾਲਕਾਂ ਨੇ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾ ਦਿਤੀਆਂ। ਸ਼ਹਿਰ ਹਾਲਾਂਕਿ ਪੁਲਿਸ ਨੇ ਸਖ਼ਤ ਚਿਤਾਵਨੀ ਦਿਤੀ ਹੋਈ ਸੀ ਤਾਂ ਵੀ ਸ਼ਹਿਰ ਵਿਚ ਲੜਾਈ ਝਗੜੇ, ਲਾਪਰਵਾਹੀ ਦੇ ਚਲਦੇ ਹਾਦਸਿਆਂ ਦੀ ਭਰਮਾਰ ਰਹੀ।
ਸ਼ਹਿਰ ਵਿੱਚ ਟ੍ਰਿਪਲ ਰਾਈਡਿੰਗ, ਬਿਨਾਂ ਹੈਲਮੇਟ ਡਰਾਈਵਿੰਗ, ਤੈਅ ਸਮਰੱਥਾ ਤੋਂ ਵੱਧ ਗਤੀ ਅਤੇ ਪ੍ਰੈਸ਼ਰ ਹਾਰਨ ਵਰਗੀਆਂ ਘਟਨਾਵਾਂ ਕਰ ਕੇ ਆਵਾਜ਼ ਪ੍ਰਦੂਸ਼ਣ ਦੇ ਮਾਮਲੇ ਸਾਹਮਣੇ ਆਏ ਹਨ। ਲੜਾਈ ਤੇ ਹਾਦਸਿਆਂ ਨਾਲ ਨਜਿੱਠਣ ਲਈ ਮੁਹਾਲੀ ਪੁਲਿਸ ਤੋਂ ਇਲਾਵਾ ਸਿਹਤ ਵਿਭਾਗ ਮੋਹਾਲੀ ਦੀ ਟੀਮ ਦਿਨ ਭਰ ਜ਼ਖ਼ਮੀਆਂ ਨੂੰ ਸੰਭਾਲਣ ਵਿਚ ਲੱਗੀ ਰਹੀ। ਹੋਲੀ ਵਾਲੇ ਦਿਨ ਸੜਕ ਹਾਦਸਿਆਂ ’ਚ ਜ਼ਖ਼ਮੀ ਹੋਏ 23 ਲੋਕ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਲਈ ਪੁੱਜੇ।
ਇਸੇ ਤਰ੍ਹਾਂ ਲੜਾਈ-ਝਗੜੇ ਕਾਰਨ ਫ਼ੱਟੜ ਹੋਏ 27 ਲੋਕਾਂ ਨੂੰ ਸਿਵਲ ਹਸਪਾਤਾਲ ਵਿਚ ਇਲਾਜ ਲਈ ਆਉਣਾ ਪਿਆ। ਇਸ ਤੋਂ ਇਲਾਵਾ 6 ਲੋਕਾਂ ’ਤੇ ਮੈਡੀਕੋ-ਲੀਗਲ ਕੇਸ ਦਰਜ ਕੀਤਾ ਹੈ। ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ 26 ਨਾਕੇ ਲਗਾਏ ਗਏ ਸਨ। ਮੋਹਾਲੀ ਸ਼ਹਿਰ ਵਿਚ ਅਲੱਗ-ਅਲੱਗ ਨਾਕਿਆਂ ’ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2927 ਲੋਕਾਂ ਦੇ ਚਾਲਾਨ ਕੀਤੇ ਗਏ।
ਇਨ੍ਹਾਂ ਵਿਚੋਂ 1438 ਲੋਕ ਬਿਨਾਂ ਹੈਲਮੇਟ ਦੇ ਡਰਾਈਵਿੰਗ ਕਰਦੇ ਅਤੇ ਹੁਲ੍ਹੜਬਾਜ਼ੀ ਕਰਦੇ ਫੜੇ ਗਏ ਹਨ। ਇਸ ਦੇ ਨਾਲ ਹੀ ਬਿਨਾਂ ਦਸਤਾਵੇਜ਼ਾਂ ਜਾਂ ਜ਼ਰੂਰੀ ਕਾਗਜ਼ਾਂ ਦੀ ਘਾਟ ਦੇ ਚਲਦਿਆਂ 79 ਵਾਹਨਾਂ ਨੂੰ ਜ਼ਬਤ ਕਰ ਦਿੱਤਾ ਗਿਆ ਹੈ। ਮੋਹਾਲੀ ਦੇ ਐਸ.ਐਸ.ਪੀ ਅਤੇ ਫ਼ੇਜ਼-1 ਥਾਣਾ ਇੰਚਾਰਜ ਸੁਖਬੀਰ ਸਿੰਘ ਨੇ ਖ਼ੁਦ ਪੂਰੇ ਇਲਾਕੇ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹੁੱਲੜਬਾਜ਼ਾ ਦੇ ਮੌਕੇ ’ਤੇ ਹੀ ਚਲਾਨ ਕੱਟੇ। ਹੋਲੀ ਦੇ ਤਿਉਹਾਰ ਨੂੰ ਅਨੁਸ਼ਾਸਨ ਵਿਚ ਰੱਖਣ ਲਈ ਮੋਹਾਲੀ ਪੁਲਿਸ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ।
ਮੁਹਾਲੀ ਦੇ ਐਸ.ਐਸ.ਪੀ ਦੀਪਕ ਪਾਰੀਕ ਨੇ ਪਹਿਲਾਂ ਹੀ ਚਿਤਾਵਨੀ ਦਿਤੀ ਸੀ ਕਿ ਹੋਲੀ ਦੇ ਮੌਕੇ ’ਤੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਾਲਾਂਕਿ ਇਸ ਦੇ ਬਾਵਜੂਦ ਕਈ ਲੋਕ ਨਿਯਮਾਂ ਦੀ ਅਣਦੇਖੀ ਕਰਦੇ ਰਹੇ। ਪੁਲਿਸ ਦੀ ਸਖ਼ਤੀ ਕਾਰਨ ਸ਼ਹਿਰ ਵਿਚ ਵੱਡੀਆਂ ਘਟਨਾਵਾਂ ਨੂੰ ਟਾਲਣ ਵਿਚ ਮਦਦ ਮਿਲੀ ਪਰ ਹਸਪਤਾਲਾਂ ਵਿਚ ਜ਼ਖ਼ਮੀਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਰਹੀ।