
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਸ (ਕੈਪਟਨ ਅਮਰਿੰਦਰ) ਦਾ ਕੰਟਰੋਲ ਨਹੀਂ ਹੈ
ਚੰਡੀਗੜ੍ਹ, 15 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਕੰਮ ਦੀ ਸ਼ੈਲੀ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 'ਹਾਸੋਹੀਣੀ ਅਤੇ ਬੇਤੁਕੀ ਬਿਆਨਬਾਜ਼ੀ' ਬਾਰੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਉਪ ਮੁੱਖ ਮੰਤਰੀ ਤੋਂ ਸਬਕ ਲੈਣ ਦੀ ਲੋੜ ਨਹੀਂ ਜਿਸ ਨੇ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਦੁਸ਼ਪ੍ਰਬੰਧ ਨਾਲ ਸੂਬੇ ਦਾ ਭੱਠਾ ਬਿਠਾ ਦਿਤਾ।
ਪ੍ਰੈੱਸ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼ਾਸਨ ਪੱਖੋਂ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਇਆ ਜਿਸ ਦਾ ਸਬੂਤ ਪਿਛਲੀ ਸਰਕਾਰ ਸਮੇਂ ਸੂਬੇ ਵਿਚ ਫੈਲੀ ਹਨੇਰਗਰਦੀ ਤੋਂ ਮਿਲਦਾ ਹੈ। ਇਸ ਕਾਰਨ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਸੇ ਦੇ ਸ਼ਾਸਨ ਚਲਾਉਣ ਦੇ ਢੰਗ 'ਤੇ ਸਵਾਲ ਕਰਨ ਦਾ ਕੋਈ ਹੱਕ ਨਹੀਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਦਾ ਬਿਆਨ ਬਿਲਕੁਲ ਬੇਹੂਦਾ ਹੈ ਜਿਸ ਤੋਂ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਅਕਾਲੀ ਦਲ ਦੇ ਖੁੱਸੇ ਵੱਕਾਰ ਕਾਰਨ ਉਸ ਅੰਦਰ ਪੈਦਾ ਹੋਈ ਬੇਚੈਨੀ ਦਾ ਪਤਾ ਲਗਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਸ (ਕੈਪਟਨ ਅਮਰਿੰਦਰ) ਦਾ ਕੰਟਰੋਲ ਨਹੀਂ ਹੈ ਜਾਂ ਘੱਟ ਹੈ ਸਗੋਂ ਉਸ ਨੂੰ ਅਕਾਲੀ ਦਲ 'ਤੇ ਅਪਣੀ ਪਕੜ ਕਮਜ਼ੋਰ ਹੋਣ ਤੋਂ ਇਲਾਵਾ ਪੰਜਾਬ ਦੇ ਰਾਜਸੀ ਪਿੜ ਵਿੱਚੋਂ ਖੁੱਸੇ ਵੱਕਾਰ ਦਾ ਫ਼ਿਕਰ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਰਾਜ ਦੇ ਉਲਟ ਉਹ ਅਪਣੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਬਗ਼ੈਰ ਕਿਸੇ ਭੈਅ ਜਾਂ ਪੱਖਪਾਤ ਦੇ ਕੁਸ਼ਲਤਾ ਨਾਲ ਫ਼ਰਜ਼ ਨਿਭਾਉਣ ਲਈ ਖੁੱਲ੍ਹ ਦੇਣ ਵਿਚ ਵਿਸ਼ਵਾਸ ਰਖਦੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵਲੋਂ ਅਫ਼ਸਰਸ਼ਾਹੀ ਅਤੇ ਪੁਲਿਸ ਅਫ਼ਸਰਾਂ ਨੂੰ ਪੂਰੀ ਤਰ੍ਹਾਂ ਦੱਬ ਕੇ ਰਖਿਆ ਗਿਆ ਸੀ। ਜੇ ਸੁਖਬੀਰ ਉਸ ਤਰ੍ਹਾਂ ਦੇ 'ਕੰਟਰੋਲ' ਦੀ ਗੱਲ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕੰਟਰੋਲ ਵਾਲੇ ਸ਼ਾਸਨ ਨੂੰ ਲਾਗੂ ਨਾ ਕਰਨ 'ਤੇ ਖ਼ੁਸ਼ੀ ਅਤੇ ਮਾਣ ਹੈ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਸੁਖਬੀਰ ਬਾਦਲ ਵਿਰੁਧ ਸੂਬੇ ਦੀ ਵਿੱਤੀ ਹਾਲਤ ਬਾਰੇ ਕੋਰਾ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਾਦਲ ਫ਼ੰਡਾਂ ਦਾ ਬੰਦੋਬਸਤ ਵਿੱਤੀ ਪ੍ਰਬੰਧਨ ਅਤੇ ਮਾਲੀਆ ਪੈਦਾ ਕਰ ਕੇ ਨਹੀਂ ਸਗੋਂ ਸੂਬੇ ਦੀ ਜਾਇਦਾਦ ਗਹਿਣੇ ਰੱਖ ਕੇ ਕਰਦੇ ਸਨ। ਵਿੱਤ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਹਰ ਸੰਭਵ ਢੰਗ ਨਾਲ ਪੰਜਾਬ ਅਤੇ ਇਸ ਦੇ ਹਿੱਤ ਵੇਚ ਦਿੱਤੇ ਜਿਸ ਨਾਲ ਪੰਜਾਬ ਦੇ ਪੱਲੇ 2.08 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਪਾ ਦਿਤਾ।