
ਮਾਮਲਾ ਕੋਰੋਨਾ ਵਾਇਰਸ ਦਾ: ਸਬ ਜੇਲ ਪੱਟੀ 'ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਜ਼ਿਲ੍ਹਾ ਮੁਕਤਸਰ ਜੇਲ 'ਚ ਕੀਤਾ ਤਬਦੀਲ
ਪੱਟੀ, 16 ਅਪ੍ਰੈਲ (ਅਜੀਤ ਘਰਿਆਲਾ/ਪ੍ਰਦੀਪ): ਪੰਜਾਬ ਸਰਕਾਰ ਅਤੇ ਡੀਜੀਪੀ ਜੇਲਾਂ ਪੰਜਾਬ ਵਲੋਂ ਦਿਤੇ ਆਦੇਸ਼ਾਂ 'ਤੇ ਸਬ ਜੇਲ ਪੱਟੀ 'ਚ ਬੰਦ ਕਰੀਬ 105 ਹਵਾਲਾਤੀਆਂ ਅਤੇ 5 ਕੈਦੀਆਂ ਨੂੰ ਭਾਰੀ ਪੁਲਿਸ ਫ਼ੋਰਸ ਦੀ ਨਿਗਰਾਨੀ ਹੇਠ ਸੁਰੱਖਿਆ ਵਜੋਂ ਜ਼ਿਲ੍ਹਾ ਮੁਕਤਸਰ ਸਾਹਿਬ ਜੇਲ ਵਿਚ ਤਬਦੀਲ ਕੀਤਾ ਗਿਆ। ਜਾਣਕਰੀ ਮੁਤਾਬਕ ਸਬ ਜੇਲ ਪੱਟੀ ਜੋ 200 ਦੇ ਕਰੀਬ ਬੰਦੀਆਂ ਦੀ ਸਮਰੱਥਾ ਵਾਲੀ ਜੇਲ੍ਹ ਹੈ, ਵਿਚ ਹੁਣ ਕਰੀਬ 110 ਹਵਾਲਾਤੀ ਬੰਦ ਹਨ ਜਿਨ੍ਹਾਂ ਵਿਚ 5 ਕੈਦੀ ਵੀ ਹਨ। ਜ਼ਿਕਰਯੋਗ ਹੈ ਕਿ ਸਵੇਰ ਤੋਂ ਹੀ ਬਲਜੀਤ ਸਿੰਘ ਐਸ.ਪੀ. ਟ੍ਰੈਫ਼ਿਕ ਤਰਨਤਾਰਨ, ਨਰਿੰਦਰ ਸਿੰਘ ਧਾਰੀਵਾਲ ਐਸਡੀਐਮ ਪੱਟੀ, ਇਕਬਾਲ ਸਿੰਘ ਡੀਐਸਪੀ ਤਰਨਤਾਰਨ, ਹਰੀਸ਼ ਬਹਿਲ ਡੀਐਸਪੀ, ਕੰਵਲਪ੍ਰੀਤ ਸਿੰਘ ਡੀਐਸਪੀ ਪੱਟੀ, ਅਜੇ ਕੁਮਾਰ ਖੁੱਲਰ ਥਾਣਾ ਮੁਖੀ ਪੱਟੀ ਤੋਂ ਇਲਾਵਾ ਭਾਰੀ ਪੁਲਿਸ ਫ਼ੋਰਸ ਹਾਜ਼ਰ ਸੀ ਅਤੇ ਕਚਹਿਰੀ ਰੋਡ ਨੂੰ ਮੁਕੰਮਲ ਬੰਦ ਕੀਤਾ ਹੋਇਆ ਸੀ।ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਐਸ.ਪੀ. ਟ੍ਰੈਫਿਕ ਤਰਨਤਾਰਨ, ਨਰਿੰਦਰ ਸਿੰਘ ਧਾਰੀਵਾਲ ਐਸਡੀਐਮ ਪੱਟੀ, ਕੰਵਲਪ੍ਰੀਤ ਸਿੰਘ ਮੰਡ ਡੀਐਸਪੀ ਪੱਟੀ। (ਸੱਜੇ) ਪੱਟੀ ਤੋਂ ਬਸਾਂ ਰਾਹੀਂ ਜ਼ਿਲ੍ਹਾ ਮੁਕਤਸਰ ਜੇਲ ਲਈ ਰਵਾਨਾ ਹੁੰਦੇ ਹੋਏ ਹਵਾਲਾਤੀ ਅਤੇ ਕੈਦੀ।
ਵਿਜੇ ਕੁਮਾਰ ਸੁਪਰਡੈਂਟ ਸਬ ਜੇਲ ਪੱਟੀ ਨੇ ਦਸਿਆ ਕਿ ਸਬ ਜੇਲ ਪੱਟੀ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਕੋਰੋਨਾ ਵਾਇਰਸ ਬੀਮਾਰੀ ਤੋਂ ਬਚਾਉਣ ਲਈ ਜ਼ਿਲ੍ਹਾ ਮੁਕਤਸਰ ਜੇਲ 'ਚ ਭੇਜਿਆ ਗਿਆ ਹੈ ਅਤੇ ਸਬ ਜੇਲ ਪੱਟੀ ਨੂੰ ਇਕਾਂਤਵਾਸ ਜੇਲ ਬਣਾਇਆ ਗਿਆ ਹੈ।
ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਨਵੇਂ ਕੈਦੀਆਂ ਨੂੰ ਇਥੇ ਰੱਖਿਆ ਜਾਵੇਗਾ ਅਤੇ 14 ਦਿਨ ਬਾਅਦ ਉਨ੍ਹਾਂ ਦੇ ਟੈਸਟ ਕੀਤੇ ਜਾਣਗੇ। ਜੇ ਸਹੀ ਪਾਏ ਜਾਣਗੇ ਤਾ ਉਨ੍ਹਾਂ ਦੇ ਜ਼ਿਲ੍ਹੇ ਨਾਲ ਸਬੰਧਤ ਜੇਲ੍ਹ ਵਿਚ ਭੇਜ ਦਿਤਾ ਜਾਵੇਗਾ।