
'ਜਿਨ੍ਹਾਂ ਲੋਕਾਂ ਨੇ ਕਈ ਦਹਾਕੇ ਪੰਜਾਬ 'ਤੇ ਰਾਜ ਕੀਤਾ ਹੈ, ਉਹ ਹੁਣ ਸਿਰਫ਼ ਬਿਆਨ ਹੀ ਦੇ ਰਹੇ ਹਨ,
ਚੰਡੀਗੜ੍ਹ, 15 ਅਪ੍ਰੈਲ : ਕੋਰੋਨਾ ਵਾਇਰਸ ਸਬੰਧੀ ਹਾਲਾਤ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਵਲੋਂ ਗਿੱਦੜਬਾਹਾ ਦੇ ਐਮਐਲਏ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਗਈ। ਰਾਜਾ ਵੜਿੰਗ ਨੇ ਦਸਿਆ ਕਿ ਕੋਰੋਨਾ ਵਾਇਰਸ ਦੀ ਜੰਗ ਨਾਲ ਜੂਝਣਾ ਬਹੁਤ ਔਖਾ ਹੈ ਕਿਉਂਕਿ ਲੋਕਾਂ ਨੇ ਇਸ ਬਾਰੇ ਕਦੀ ਵੀ ਕਲਪਨਾ ਨਹੀਂ ਕੀਤੀ ਹੋਵੇਗੀ।
ਲੋਕਾਂ ਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਹੈ। ਉਹਨਾਂ ਦਸਿਆ ਕਿ ਉਹ ਸਰਕਾਰ ਦੀ ਮਦਦ ਅਤੇ ਸੰਸਥਾਵਾਂ ਦੀ ਮਦਦ ਨਾਲ ਲੋਕਾਂ ਨੂੰ ਖਾਣ ਦਾ ਸਮਾਨ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਪੰਜਾਬ ਹਮੇਸ਼ਾ ਖੇਤੀ ਪ੍ਰਧਾਨ ਸੂਬਾ ਰਿਹਾ ਹੈ ਤੇ ਸਾਡੇ ਗੁਰੂਆਂ ਨੇ ਸਾਨੂੰ ਲੋੜਵੰਦਾਂ ਦੀ ਮਦਦ ਕਰਨਾ ਸਿਖਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਪੰਜਾਬ ਵਿਚ ਹੁਣ ਤਕ ਕੋਈ ਵੀ ਭੁੱਖਾ ਨਹੀਂ ਰਹੇਗਾ। ਉਹਨਾਂ ਕਿਹਾ ਕਿ ਇਹ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਇਸ ਸੀਜ਼ਨ ਰਾਹੀਂ 40 ਹਜ਼ਾਰ ਕਰੋੜ ਰੁਪਏ ਪੰਜਾਬ ਵਿਚ ਆਵੇਗਾ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਉਹਨਾਂ ਕਿਹਾ ਕਿ ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਕੱਲ ਤੋਂ ਕਟਾਈ ਸ਼ੁਰੂ ਹੋਣੀ ਹੈ ਤੇ ਜਿਸ ਕੋਲ 4 ਏਕੜ ਹੈ, ਉਹ ਇਕ ਏਕੜ ਦੀ ਹੱਥ ਨਾਲ ਕਟਾਈ ਕਰਨ। ਇਸ ਦੇ ਫਾਇਦੇ ਹਨ, ਜਿਵੇਂ ਕਿਸਾਨਾਂ ਨੂੰ ਮਜ਼ਦੂਰ ਮਿਲ ਜਾਣਗੇ, ਤੂੜੀ ਹੋ ਜਾਵੇਗੀ, ਮੰਡੀ ਵਿਚ ਅਸਾਨੀ ਨਾਲ ਫਸਲ ਜਾਵੇਗੀ, ਉੱਥੇ ਭੀੜ ਨਹੀਂ ਹੋਵੇਗੀ। ਉਹਨਾਂ ਦਸਿਆ ਕਿ ਸਰਕਾਰ ਨੇ ਸਾਰੇ ਇੰਤਜ਼ਾਮ ਕਰ ਲਏ ਹਨ। ਉਹ ਆੜਤੀ ਐਸੋਸੀਏਸ਼ਨ ਨਾਲ ਸੰਪਰਕ ਕਰ ਰਹੇ ਹਨ ਤੇ ਪਾਸ ਵੀ ਦਿਤੇ ਜਾਣ ਲੱਗ ਗਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ।
ਪਟਿਆਲਾ ਵਿਖੇ ਹੋਏ ਹਮਲੇ ਸਬੰਧੀ ਉਹਨਾਂ ਕਿਹਾ ਕਿ ਸਾਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਤੇ ਉਹ ਚੰਗਾ ਕੰਮ ਕਰ ਰਹੇ ਹਨ। ਕੁਝ ਮੁਲਾਜ਼ਮਾਂ ਦੀ ਗ਼ਲਤੀ ਕਰ ਕੇ ਪੂਰੇ ਵਿਭਾਗ ਦੀ ਅਲੋਚਨਾ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਦੇ ਹਸਪਤਾਲਾਂ ਵਿਚ ਹਰ ਚੀਜ਼ ਮੌਜੂਦ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਕਈ ਦਹਾਕੇ ਪੰਜਾਬ 'ਤੇ ਰਾਜ ਕੀਤਾ ਹੈ, ਉਹ ਹੁਣ ਸਿਰਫ਼ ਬਿਆਨ ਹੀ ਦੇ ਰਹੇ ਹਨ, ਉਹਨਾਂ ਨੂੰ ਸੋਚਣਾ ਚਾਹੀਦਾ ਹੈ। ਉਹਨਾਂ ਕਿਹਾ ਬਾਦਲ ਪ੍ਰਵਾਰ ਲੋਕਾਂ ਦੀ ਮਦਦ ਲਈ ਬਿਲਕੁਲ ਵੀ ਅੱਗੇ ਨਹੀਂ ਆਇਆ।
ਉਹਨਾਂ ਦਸਿਆ ਕਿ ਕੈਂਸਰ ਟਰੇਨ ਰਾਹੀਂ ਇਲਾਜ ਲਈ ਬੀਕਾਨੇਰ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਕਿਉਂਕਿ ਹੁਣ ਟਰੇਨ ਬੰਦ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਡੀਸੀ ਨਾਲ ਸੰਪਰਕ ਕਰਨ ਤੇ ਜੇਕਰ ਲੋੜ ਪਈ ਤਾਂ ਉਹ ਮਰੀਜਾਂ ਲਈ ਕਾਰ ਦਾ ਵੀ ਪ੍ਰਬੰਧ ਕਰਨਗੇ। ਉਹਨਾਂ ਕਿਹਾ ਕਿ ਕੋਈ ਵੀ ਕਿਸਾਨ ਆੜਤੀਏ ਨਾਲ ਸੰਪਰਕ ਕੀਤੇ ਬਿਨਾਂ ਅਤੇ ਪਾਸ ਤੋਂ ਬਿਨਾਂ ਮੰਡੀ ਵਿਚ ਕਣਕ ਲੈ ਕੇ ਨਾ ਆਉਣ। ਉਹਨਾਂ ਕਿਹਾ ਕਿ ਹਰ ਵਿਅਕਤੀ ਦੀ ਕਣਕ ਵਿਕੇਗੀ ਤੇ ਹਰ ਕਿਸੇ ਨੂੰ ਪੈਸਾ ਮਿਲੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਮੇਸ਼ਾਂ ਚੜਦੀ ਕਲਾ ਵਿਚ ਰਹਿਣ।