
ਸ਼ੰਘਾਈ 'ਚ ਕੋਰੋਨਾ ਮਾਮਲੇ ਵਧੇ
ਭਾਰਤੀ ਵਣਜ ਦੂਤਘਰ ਬੰਦ, ਫ਼ੋਨ 'ਤੇ ਦਿਤੀਆਂ ਜਾ ਰਹੀਆਂ ਜ਼ਰੂਰੀ ਸੇਵਾਵਾਂ
ਬੀਜਿੰਗ, 15 ਅਪ੍ਰੈਲ : ਚੀਨ ਦੇ ਸ਼ੰਘਾਈ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਭਾਰਤੀ ਕੌਂਸਲੇਟ ਨੂੰ ਬੰਦ ਕਰ ਦਿਤਾ ਗਿਆ ਹੈ | ਦੂਤਾਵਾਸ ਪਰਿਸਰ 'ਤੇ ਡਿਪਲੋਮੈਟਿਕ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ | ਵਣਜ ਦੂਤਘਰ ਨੇ ਇਕ ਨੋਟਿਸ ਜਾਰੀ ਕਰ ਕੇ ਕਿਹਾ ਕਿ ਪੂਰਬੀ ਚੀਨ ਖੇਤਰ 'ਚ ਰਹਿ ਰਹੇ ਭਾਰਤੀ ਨਾਗਰਿਕ ਤੇਜ਼ੀ ਨਾਲ ਕੂਟਨੀਤਕ ਸੇਵਾਵਾਂ ਲਈ ਬੀਜਿੰਗ 'ਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ |
ਦੂਤਾਵਾਸ ਨੇ ਅਪਣੀ ਵੈੱਬਸਾਈਟ 'ਤੇ ਸ਼ੇਅਰ ਕੀਤੇ ਨੋਟਿਸ 'ਚ ਕਿਹਾ ਕਿ ਸ਼ੰਘਾਈ ਮਿਊਾਸੀਪਲ ਪੀਪਲਜ਼ ਗਵਰਨਮੈਂਟ ਨੇ ਸ਼ਹਿਰ ਨੂੰ ਸੀਲ ਕਰ ਦਿਤਾ ਹੈ ਤੇ ਕਈ ਪੱਧਰ 'ਤੇ ਪਾਬੰਦੀਆਂ ਲਗਾ ਦਿਤੀਆਂ ਹਨ | ਅਜਿਹੇ 'ਚ ਇਥੇ ਸਥਿਤ ਭਾਰਤੀ ਕੌਂਸਲੇਟ ਜਨਰਲ ਬੰਦ ਰਹੇਗਾ | ਉਹ 'ਵਿਅਕਤੀਗਤ ਤੌਰ' 'ਤੇ ਕੂਟਨੀਤਕ ਸੇਵਾਵਾਂ ਪ੍ਰਦਾਨ ਕਰਨ ਦੀ ਸਥਿਤੀ 'ਚ ਨਹੀਂ ਹੋਵੇਗਾ |
ਕੌਂਸਲ ਜਨਰਲ ਡੀ ਨੰਦਕੁਮਾਰ ਨੇ ਕਿਹਾ ਕਿ ਭਾਵੇਂ ਸ਼ੰਘਾਈ 'ਚ ਭਾਰਤੀ ਵਣਜ ਦੂਤਘਰ ਨੇ 'ਵਿਅਕਤੀਗਤ' ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਹੈ ਪਰ ਇਹ ਸ਼ਹਿਰ 'ਚ ਮੌਜੂਦਾ 1,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਕਾਊਾਸਲਿੰਗ ਸਮੇਤ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ | ਉਨ੍ਹਾਂ ਕਿਹਾ ਕਿ ਕੌਂਸਲੇਟ ਦੇ ਕਰੀਬ 22 ਮੈਂਬਰ ਆਪਣੇ ਘਰਾਂ ਤੋਂ ਕੰਮ ਕਰ ਰਹੇ ਹਨ | ਉਨ੍ਹਾਂ ਵਲੋਂ ਫ਼ੋਨ 'ਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣੀਆਂ ਜਾਰੀ ਰਹਿਣਗੀਆਂ |
ਚੀਨ ਦਾ ਸੱਭ ਤੋਂ ਵੱਡਾ ਸ਼ਹਿਰ ਸ਼ੰਘਾਈ, ਓਮੀਕਰੋਨ ਵੇਰੀਐਂਟ ਲਈ ਕਮਜ਼ੋਰ ਹੈ | ਪਿਛਲੇ 24 ਘੰਟਿਆਂ ਵਿਚ 26 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ 'ਚੋਂ 1,189 ਨਵੇਂ ਕੇਸ ਲੱਛਣ ਰਹਿਤ ਹਨ, ਜਦੋਂ ਕਿ 25,141 ਮਰੀਜ਼ ਲੱਛਣ ਰਹਿਤ ਹਨ | ਕੇਸਾਂ ਦੀ ਵੱਡੀ ਗਿਣਤੀ ਕਾਰਨ ਸਿਹਤ ਸੇਵਾਵਾਂ 'ਤੇ ਬੋਝ ਵਧ ਗਿਆ ਹੈ | (ਏਜੰਸੀ)
d