
ਅਜਿਹੇ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਟੀਮਾਂ ਵੀ ਬਣਾਈਆਂ ਗਈਆਂ ਹਨ।
ਮੁਹਾਲੀ : ਪੰਜਾਬ ਸਰਕਾਰ ਨੇ ਇੱਥੇ ਹੋ ਰਹੀ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਦੀ ਯੋਜਨਾ ਬਣਾਈ ਹੈ। ਪੰਜਾਬ 'ਚ ਬਣੀ ਨਜਾਇਜ਼ ਸ਼ਰਾਬ ਕਿਸੇ ਵੀ ਸੂਬੇ 'ਚ ਫੜੀ ਜਾ ਸਕਦੀ ਹੈ, ਇਸ ਦੀ ਜਾਂਚ ਉਸ ਸੂਬੇ ਦੀ ਪੁਲਿਸ ਦੇ ਨਾਲ-ਨਾਲ ਪੰਜਾਬ ਪੁਲਿਸ ਆਪਣੇ ਪੱਧਰ 'ਤੇ ਕਰੇਗੀ।
ਇਹ ਦੇਖਿਆ ਜਾਵੇਗਾ ਕਿ ਸ਼ਰਾਬ ਦਾ ਬ੍ਰਾਂਡ, ਨਿਰਮਾਤਾ ਕੌਣ ਹੈ। ਜਿਸ ਇਲਾਕੇ ਵਿੱਚ ਇਹ ਸ਼ਰਾਬ ਵੇਚੀ ਜਾਵੇਗੀ ਉਸ ਇਲਾਕੇ ਦੇ ਆਬਕਾਰੀ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਰਾਬ ਨੂੰ ਜ਼ਬਤ ਕਰਨ ਵਾਲੀ ਸਬੰਧਤ ਰਾਜ ਦੀ ਜਾਂਚ ਟੀਮ ਨਾਲ ਵੀ ਲਗਾਤਾਰ ਤਾਲਮੇਲ ਬਰਕਰਾਰ ਰੱਖਿਆ ਜਾਵੇਗਾ।
ਇਸ ਸਬੰਧੀ ਕਈ ਰਾਜਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਨਾਲ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਜਦੋਂ ਵੀ ਨਾਜਾਇਜ਼ ਸ਼ਰਾਬ ਫੜੀ ਜਾਵੇ ਤਾਂ ਸਾਰੇ ਰਾਜਾਂ ਨਾਲ ਸੂਚਨਾ ਸਾਂਝੀ ਕੀਤੀ ਜਾਵੇ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਤੋਂ ਦੂਜੇ ਰਾਜਾਂ ਵਿਚ ਸ਼ਰਾਬ ਦੀ ਕਾਫ਼ੀ ਨਾਜਾਇਜ਼ ਤਸਕਰੀ ਹੋ ਰਹੀ ਹੈ ਇਸ ਉੱਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਨੇ ਠੋਸ ਕਦਮ ਚੁੱਕੇ ਹਨ। ਦੂਜੇ ਰਾਜਾਂ ਦੀਆਂ ਸੀਮਾਵਾਂ ’ਤੇ ਨਿਗਰਾਨੀ ਵਧਾਈ ਗਈ ਹੈ ਤਾਂ ਕਿ ਤਸਕਰੀ ਪੂਰੀ ਤਰ੍ਹਾਂ ਰੋਕੀ ਜਾ ਸਕੇ। ਅਜਿਹੇ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਟੀਮਾਂ ਵੀ ਬਣਾਈਆਂ ਗਈਆਂ ਹਨ।