
ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਪੁੱਤ ਨੂੰ ਦੌਰਾਨੇ ਤਫ਼ਤੀਸ਼ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
Tarn Taran News: ਪਿਛਲੇ ਦਿਨੀਂ ਹੀ ਪੁਲਿਸ ਕੋਲ ਪਿੰਡ ਮਾੜੀ ਗੌੜ ਸਿੰਘ ਦੇ ਇੱਕ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਆਇਆ ਸੀ। ਉਸ ਤੋਂ ਕੁਝ ਦਿਨ ਬਾਅਦ ਹੀ ਬੱਚੇ ਦੀ 4 ਅਪ੍ਰੈਲ ਨੂੰ ਸ਼ੱਕੀ ਹਾਲਾਤ ਵਿਚ ਲਾਸ਼ ਬਰਾਮਦ ਹੋਈ ਸੀ। ਮ੍ਰਿਤਕ ਬੱਚੇ ਦਾ ਨਾਮ ਗੁਰਪਿਆਰ ਸਿੰਘ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਕੇ ਗੰਭੀਰਤਾ ਨਾਲ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਜਾਣਕਾਰੀ ਵਿਚ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਦੇ ਕਤਲ ਦਾ ਖ਼ਦਸ਼ਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਆਰੰਭ ਕਰ ਦਿੱਤੀ। ਜਿਸ ਵਿਚ ਸਾਹਮਣੇ ਆਇਆ ਕਿ ਬੱਚੇ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟਿਆ ਗਿਆ ਸੀ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਮਾਸੂਮ ਦੇ ਚਾਚੇ ਦਾ ਪੁੱਤ ਸੀ, ਜਿਸ ਦਾ ਨਾਮ ਨਵਦੀਪ ਸਿੰਘ ਉਰਫ਼ ਵਿੱਕੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਤੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਭੇਦ ਭਰੇ ਹਾਲਾਤ ’ਚ ਕਤਲ ਹੋਏ 9 ਸਾਲਾ ਬੱਚੇ ਦੇ ਮਾਮਲੇ ਵਿੱਚ ਭਿੱਖੀਵਿੰਡ ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਪੁੱਤ ਨੂੰ ਦੌਰਾਨੇ ਤਫ਼ਤੀਸ਼ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਡੀਐਸਪੀ ਨੇ ਕਿਹਾ ਕਿ 9 ਸਾਲਾ ਬੱਚੇ ਗੁਰਪਿਆਰ ਸਿੰਘ ਨੂੰ ਮਾਰਨ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਨਵਦੀਪ ਸਿੰਘ ਤੋਂ ਸਾਈਕਲ ਵੱਜਣ ਕਾਰਨ ਗੁਰਪਿਆਰ ਸਿੰਘ ਬੇਹੋਸ਼ ਹੋ ਗਿਆ ਸੀ, ਪ੍ਰੰਤੂ ਕਾਤਲ ਨੂੰ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਸ ਨੇ ਆਪਣੀ ਇਸ ਹੈਵਾਨੀਅਤ ਨੂੰ ਛੁਪਾਉਣ ਲਈ ਗੁਰਪਿਆਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨਜ਼ਦੀਕ ਲੰਘਦੀ ਕਸੂਰ ਨਹਿਰ ਵਿੱਚ ਸੁੱਟ ਦਿੱਤਾ। ਖੁਦ ਪੁਲਿਸ ਨਾਲ ਮਿਲ ਕੇ ਬੱਚੇ ਨੂੰ ਲੱਭਣ ਦੇ ਬਹਾਨੇ ਲਾਸ਼ ਨੂੰ ਬਰਾਮਦ ਕਰਵਾਇਆ ।
ਡੀਐਸਪੀ ਨੇ ਕਿਹਾ ਕਿ ਭਿੱਖੀਵਿੰਡ ਪੁਲਿਸ ਵੱਲੋਂ ਨਵਦੀਪ ਸਿੰਘ ਜੋ ਕਿ ਨਾਬਾਲਗ ਹੈ ਨੂੰ ਕਤਲ ਮਾਮਲੇ ਵਿੱਚ ਨਾਮਜਦ ਕਰ ਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਇਸ ਕਤਲ ਦੀ ਸਾਜ਼ਿਸ਼ ਵਿੱਚ ਹੋਰ ਕਿਸੇ ਦਾ ਹੱਥ ਤਾਂ ਨਹੀਂ ਹੈ।