
ਜਨਤਾ ਨਾਲ ਕਾਂਗਰਸ ਦਾ ਸੰਪਰਕ ਟੁੱਟ ਗਿਆ ਹੈ, ਉਸ ਨੂੰ ਫਿਰ ਤੋਂ ਜੋੜਨਾ ਹੈ : ਰਾਹੁਲ
ਉਦੈਪੁਰ, 15 ਮਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਪਾਰਟੀ ਦੇ ਨੇਤਾਵਾਂ ਨੂੰ ਜਨਤਾ ਦਰਮਿਆਨ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੇਤਾਵਾਂ ਨੂੰ ਕਿਹਾ ਕਿ ਦੇਸ਼ ਦੇ ਲੋਕਾਂ ਨਾਲ ਪਾਰਟੀ ਦਾ ਸੰਪਰਕ ਟੁੱਟ ਗਿਆ ਹੈ ਅਤੇ ਉਸ ਨੂੰ ਫਿਰ ਤੋਂ ਜੋੜਨਾ ਹੋਵੇਗਾ। ਉਨ੍ਹਾਂ ਨੇ ਪਾਰਟੀ ‘ਨਵ ਸੰਕਲਪ ਚਿੰਤਨ ਸ਼ਿਵਿਰ’ ਦੌਰਾਨ ਅਪਣੇ ਸੰਬੋਧਨ ’ਚ ਇਹ ਵੀ ਕਿਹਾ ਕਿ ਆਗਾਮੀ ਅਕਤੂਬਰ ਮਹੀਨੇ ’ਚ ਪਾਰਟੀ ਦੇ ਨੇਤਾ ਅਤੇ ਵਰਕਰ ਜਨਤਾ ਦਰਮਿਆਨ ਜਾਣਗੇ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣਗੇ।
ਰਾਹੁਲ ਨੇ ਦੋਸ਼ ਵੀ ਲਾਇਆ ਕਿ ਕੇਂਦਰ ਦੀ ਮੌਜੂਦਾ ਸਰਕਾਰ ’ਚ ਪ੍ਰਦੇਸ਼ਾਂ ਅਤੇ ਜਨਤਾ ਨੂੰ ਸੰਵਾਦ ਕਰਨ ਦੀ ਆਗਿਆ ਨਹੀਂ ਦਿਤੀ ਜਾ ਰਹੀ ਹੈ। ਕਾਂਗਰਸ ਸੰਵਾਦ ਦਾ ਮੰਚ ਪ੍ਰਦਾਨ ਕਰਦੀ ਹੈ ਜੋ ਭਾਜਪਾ, ਆਰ.ਐਸ.ਐਸ. ਅਤੇ ਖੇਤਰੀ ਪਾਰਟੀਆਂ ’ਚ ਸੰਭਵ ਨਹੀਂ ਹੈ। ਰਾਹੁਲ ਨੇ ਨੌਜਵਾਨਾਂ ਨੂੰ ਪੂਰਾ ਮੌਕਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੰਗਠਨ ’ਚ ਅਨੁਭਵੀ ਅਤੇ ਯੁਵਾ ਨੇਤਾਵਾਂ ਦਾ ਸੰਤੁਲਨ ਬਣਾਉਣਾ ਹੋਵੇਗਾ। ਚਾਹੇ ਸਾਡੇ ਸੀਨੀਅਰ ਨੇਤਾ ਹੋਣ ਜਾਂ ਵਰਕਰ ਹੋਣ, ਉਨ੍ਹਾਂ ਨੂੰ ਜਨਤਾ ਦਰਮਿਆਨ ਜਾਣਾ ਹੋਵੇਗਾ। ਜਨਤਾ ਨਾਲ ਕਾਂਗਰਸ ਦਾ ਸੰਪਰਕ ਟੁੱਟ ਗਿਆ ਹੈ, ਉਸ ਨੂੰ ਸਵੀਕਾਰ ਕਰਨਾ ਹੋਵੇਗਾ। ਉਸ ਨੂੰ ਫਿਰ ਤੋਂ ਬਣਾਉਣਾ ਹੋਵੇਗਾ। ਜਨਤਾ ਸਮਝਦੀ ਹੈ ਕਿ ਕਾਂਗਰਸ ਪਾਰਟੀ ਹੀ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀ ਹੈ। (ਏਜੰਸੀ)