
ਕਾਂਗਰਸ 'ਚ 'ਇਕ ਪਰਵਾਰ, ਇਕ ਟਿਕਟ' ਦੀ ਵਿਵਸਥਾ ਹੋਵੇਗੀ ਲਾਗੂ
ਅਗਲੀਆਂ ਲੋਕ ਸਭਾ ਚੋਣਾਂ ਤੋਂ 50 ਫ਼ੀ ਸਦੀ ਟਿਕਟ ਕਾਂਗਰਸ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਦੇਵੇਗੀ
ਉਦੈਪੁਰ, 15 ਮਈ : ਕਾਂਗਰਸ ਨੇ ਐਤਵਾਰ ਨੂੰ 'ਵੱਡੇ ਸੁਧਾਰਾਂ' ਦਾ ਐਲਾਨ ਕੀਤਾ ਅਤੇ ਇਹ ਫ਼ੈਸਲਾ ਕੀਤਾ ਕਿ ਇਨ੍ਹਾਂ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਪਾਰਟੀ 'ਚ ਇਕ ਸਮੂਹ ਕਾਰਜਬਲ ਦਾ ਗਠਨ ਕੀਤਾ ਜਾਵੇਗਾ ਅਤੇ 'ਇਕ ਪ੍ਰਵਾਰ, ਇਕ ਟਿਕਟ' ਦਾ ਫ਼ਾਰਮੂਲਾ ਲਾਗੂ ਹੋਵੇਗਾ | ਨਾਲ ਹੀ ਇਹ ਸ਼ਰਤ ਵੀ ਜੁੜੀ ਹੋਵੇਗੀ ਕਿ ਪਰਵਾਰ ਦੇ ਕਿਸੇ ਦੂਜੇ ਮੈਂਬਰ ਨੂੰ ਟਿਕਟ ਉਦੋਂ ਹੀ ਮਿਲੇਗੀ, ਜੇ ਉਸ ਨੇ ਸੰਗਠਨ ਲਈ ਘੱਟ ਤੋਂ ਘੱਟ ਪੰਜ ਸਾਲ ਕੰਮ ਕੀਤਾ ਹੋਵੇਗਾ |
ਕਾਂਗਰਸ ਆਉਣ ਵਾਲੇ ਦਿਨਾਂ ਵਿਚ ਅਪਣੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਰਕਾਰ ਵਿਚ ਚੁਣੇ ਹੋਏ ਅਹੁਦਿਆਂ 'ਤੇ ਰਹੇ ਨੇਤਾਵਾਂ ਦੀ ਸੇਵਾਮੁਕਤੀ ਦੀ ਉਮਰ ਤੈਅ ਕਰੇਗੀ ਅਤੇ ਅਗਲੀਆਂ ਲੋਕ ਸਭਾ ਚੋਣਾਂ ਤੋਂ 50 ਫ਼ੀ ਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਦਿਤੀਆਂ ਜਾਣਗੀਆਂ | ਕਾਂਗਰਸ ਦੇ ਚਿੰਤਨ ਕੈਂਪ ਲਈ ਗਠਤ ਯੂਥ ਮਾਮਲਿਆਂ ਦੀ ਤਾਲਮੇਲ ਕਮੇਟੀ ਦੀਆਂ ਸਿਫਾਰਸ਼ਾਂ ਵਿਚ ਇਹ ਗੱਲਾਂ ਪ੍ਰਮੁੱਖ ਹਨ, ਜਿਸ ਨੂੰ ਪਾਰਟੀ ਦੇ ਨਵੇਂ ਮਤੇ ਵਿਚ ਥਾਂ ਮਿਲੀ ਹੈ | ਇਸ 'ਚ ਕਿਹਾ ਗਿਆ ਹੈ, ''ਸੰਗਠਨ ਪੱਧਰ 'ਤੇ 50 ਫ਼ੀ ਸਦੀ ਪੋਸਟਾਂ 50 ਸਾਲ ਤੋਂ ਘੱਟ ਉਮਰ ਦੇ ਸਾਥੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ |
ਸੰਸਦ, ਵਿਧਾਨ ਸਭਾਵਾਂ, ਵਿਧਾਨ ਪ੍ਰੀਸ਼ਦ ਅਤੇ ਸਾਰੇ ਚੁਣੇ ਹੋਏ ਅਹੁਦਿਆਂ 'ਤੇ ਸੇਵਾਮੁਕਤੀ ਦੀ ਉਮਰ ਦੀ ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ | ਭਵਿੱਖ ਵਿਚ ਬਣਨ ਵਾਲੀਆਂ ਪਾਰਟੀ ਸਰਕਾਰਾਂ ਵਿਚ ਸਾਰੇ ਅਹੁਦਿਆਂ 'ਤੇ 50 ਫ਼ੀ ਸਦੀ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ | ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਧ ਤੋਂ ਵਧ ਤਜ਼ਰਬੇਕਾਰ ਵਿਅਕਤੀਆਂ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ |
ਕਾਂਗਰਸ ਨੇ ਅਪਣੇ ਨਵੇਂ ਮਤੇ ਵਿਚ ਇਹ ਵੀ ਕਿਹਾ ਹੈ, T2024 ਦੀਆਂ ਸੰਸਦੀ ਚੋਣਾਂ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਚੋਣਾਂ ਵਿਚ ਘੱਟੋ-ਘੱਟ 50 ਫ਼ੀ ਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਸਾਥੀਆਂ ਨੂੰ ਦਿਤੀਆਂ ਜਾਣੀਆਂ ਚਾਹੀਦੀਆਂ ਹਨ |'' ਨਵੇਂ ਮਤੇ 'ਚ ਕਿਹਾ ਗਿਆ ਹੈ ਕਿ 'ਭਾਜਪਾ ਦੁਆਰਾ ਬਣਾਈ' ਬੇਰੁਜ਼ਗਾਰੀ ਦੇ ਕਲੰਕ ਨਾਲ ਲੜਨ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ 'ਰੁਜ਼ਗਾਰ ਦਿਉ ਪੈਦਲ ਯਾਤਰਾ' ਦਾ ਪ੍ਰਸਤਾਵ ਹੈ, ਜੋ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 15 ਅਗੱਸਤ 2022 ਤੋਂ ਸ਼ੁਰੂ ਹੋਵੇਗੀ |
ਪਾਰਟੀ ਨੇ ਕਿਹਾ, ''ਸਕੂਲਾਂ 'ਚ ਲਾਗੂ ਸਿਖਿਆ ਦੇ ਅਧਿਕਾਰ ਕਾਨੂੰਨ ਦੀ ਤਰਜ 'ਤੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਵੀ ਗ਼ਰੀਬ ਵਿਦਿਆਰਥੀਆਂ ਲਈ ਮੁਫ਼ਤ ਸਿਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ | ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗ਼ਰੀਬਾਂ ਅਤੇ ਅਮੀਰਾਂ ਦੇ ਬੱਚਿਆਂ ਵਿਚਕਾਰ ਪੈਦਾ ਹੋਏ ਅਚਾਨਕ ਡਿਜੀਟਲ ਪਾੜੇ ਦਾ ਸਥਾਈ ਹੱਲ ਕਰੇ ਅਤੇ ਸੂਬਿਆਂ ਦੀ ਮਦਦ ਕਰੇ |
ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ, ਭਾਰਤ ਸਰਕਾਰ ਦੇ ਅਦਾਰਿਆਂ ਅਤੇ ਤਿੰਨਾਂ ਸੇਨਾਵਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਨੂੰ ਅਗਲੇ ਛੇ ਮਹੀਨਿਆਂ ਵਿਚ ਇਕ ਵਿਸ਼ੇਸ਼ ਭਰਤੀ ਮੁਹਿੰਮ ਚਲਾ ਕੇ ਭਰਿਆ ਜਾਵੇ | (ਏਜੰਸੀ)