
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੀਆਂ ਹੁਣ ਤਕ ਹੋਈਆਂ ਚੋਣਾਂ ’ਚ ਬਾਹਰੀ ਹਲਕਿਆਂ ਤੋਂ ਆਏ ਉਮੀਦਵਾਰਾਂ ਦਾ ਹੀ ਦਬਦਬਾ ਰਿਹਾ ਹੈ।
Lok Sabha Elections 2024: ਸਾਲ 2008 'ਚ ਰੋਪੜ ਤੋਂ ਵੱਖ ਹੋਣ ਤੋਂ ਬਾਅਦ, ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ। ਅਨੰਦਪੁਰ ਸਾਹਿਬ ਹਲਕੇ ਵਿਚ ਰੋਪੜ ਹਲਕੇ ਦੇ ਮੁਹਾਲੀ ਤੇ ਚਮਕੌਰ ਸਾਹਿਬ, ਫਿਲੌਰ ਦੇ ਨਵਾਂ ਸ਼ਹਿਰ ਤੇ ਬੰਗਾ ਅਤੇ ਹੁਸ਼ਿਆਰਪੁਰ ਦੇ ਗੜਸ਼ੰਕਰ, ਅਨੰਦਪੁਰ ਸਾਹਿਬ ਤੇ ਬਲਾਚੌਰ ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਬਣਾਇਆ ਗਿਆ। ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦੀਆਂ ਹੁਣ ਤਕ ਹੋਈਆਂ ਚੋਣਾਂ ’ਚ ਬਾਹਰੀ ਹਲਕਿਆਂ ਤੋਂ ਆਏ ਉਮੀਦਵਾਰਾਂ ਦਾ ਹੀ ਦਬਦਬਾ ਰਿਹਾ ਹੈ।
ਇਲਾਕੇ ਦੀ ਵਿਲੱਖਣ ਜਨਸੰਖਿਆ ਪ੍ਰੋਫਾਈਲ ਨੇ ਤਿੰਨ ਲੋਕ ਸਭਾ ਚੋਣਾਂ ਵਿਚੋਂ ਕਾਂਗਰਸ ਨੂੰ ਦੋ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵਿਚ ਜਿੱਤ ਦਿਤੀ ਹੈ। ਬਸਪਾ ਦੇ ਗੜ੍ਹ ਦੇ ਮੱਦੇਨਜ਼ਰ ਇਸ ਹਲਕੇ 'ਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ, 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਹੌਲੀ-ਹੌਲੀ ਪੈਰ ਪਸਾਰ ਲਏ ਅਤੇ ਨੌਂ ਵਿਚੋਂ ਸੱਤ ਸੀਟਾਂ ਜਿੱਤੀਆਂ। ਬਾਕੀ ਦੋ ਵਿਚੋਂ ਇਕ ਬਸਪਾ ਅਤੇ ਦੂਜੀ ਅਕਾਲੀ ਦਲ ਨੂੰ ਗਈ।
ਕਾਂਗਰਸ ਵਲੋਂ ਸੁਰੱਖਿਅਤ ਸੀਟ ਮੰਨੀ ਜਾਣ ਵਾਲੇ ਇਸ ਹਲਕੇ ਤੋਂ ਪਾਰਟੀ ਹਰ ਵਾਰ ਬਾਹਰੀ ਉਮੀਦਵਾਰ ਨੂੰ ਮੈਦਾਨ 'ਚ ਉਤਾਰ ਰਹੀ ਹੈ ਅਤੇ ਫਿਰ ਵੀ 2009, 2014 ਅਤੇ 2019 'ਚ ਹੋਈਆਂ ਤਿੰਨ ਚੋਣਾਂ 'ਚ ਦੋ ਵਾਰ ਸੀਟ ਜਿੱਤਣ 'ਚ ਸਫਲ ਰਹੀ ਹੈ।
ਰਵਨੀਤ ਬਿੱਟੂ 2009 ਵਿਚ ਅਤੇ ਮਨੀਸ਼ ਤਿਵਾੜੀ 2019 ਵਿਚ ਚੁਣੇ ਗਏ ਸਨ। 2014 ਵਿਚ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਹਾਰ ਗਏ। ਇਸ ਵਾਰ ਫਿਰ ਕਾਂਗਰਸ ਨੇ ਅਪਣੇ ਸੀਨੀਅਰ ਆਗੂ ਅਤੇ ਸੰਗਰੂਰ ਦੇ ਸਾਬਕਾ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਨੂੰ ਮੈਦਾਨ 'ਚ ਉਤਾਰਿਆ ਹੈ। ਹਾਲਾਂਕਿ, ਵਿਰੋਧੀ ਪਾਰਟੀਆਂ ਸਥਾਨਕ ਬਨਾਮ ਬਾਹਰੀ ਉਮੀਦਵਾਰ ਦਾ ਮੁੱਦਾ ਉਠਾ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਖ ਹੋਣ ਅਤੇ 'ਆਪ' ਦੀ ਚੋਣ 'ਚ ਮਜ਼ਬੂਤ ਮੌਜੂਦਗੀ ਹੋਣ ਕਾਰਨ ਇਸ ਹਲਕੇ 'ਚ ਬਹੁਪੱਖੀ ਮੁਕਾਬਲਾ ਹੋਣ ਜਾ ਰਿਹਾ ਹੈ। ਭਾਜਪਾ ਨੇ ਅਪਣੀ ਸੂਬਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਸਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਲਵਿੰਦਰ ਸਿੰਘ ਕੰਗ ਵਿਚਾਲੇ ਦਿਲਚਸਪ ਮੁਕਾਬਲਾ ਹੋਵੇਗਾ।
ਹਲਕੇ ਦੀਆਂ ਸਮੱਸਿਆਵਾਂ
ਜੰਗਲੀ ਖੇਤਰਾਂ, ਵੰਨ-ਸੁਵੰਨੇ ਬਨਸਪਤੀ ਅਤੇ ਜੀਵ-ਜੰਤੂਆਂ, ਜਲ ਸਰੋਤਾਂ ਅਤੇ ਝੀਲਾਂ ਨਾਲ ਭਰਪੂਰ ਇਸ ਹਲਕੇ ਵਿਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਾਰਨ ਵਾਤਾਵਰਣ ਵਿਚ ਭਾਰੀ ਵਿਗਾੜ ਦੇਖਣ ਨੂੰ ਮਿਲ ਰਿਹਾ ਹੈ। ਐਲਗਰਾਂ ਅਤੇ ਅਗੰਮਪੁਰ ਵਿਖੇ ਦੋ ਪੁਲ ਨਾਜਾਇਜ਼ ਮਾਈਨਿੰਗ ਕਾਰਨ ਨੁਕਸਾਨੇ ਗਏ ਹਨ। ਸਰਕਾਰ ਬਦਲਣ ਦੇ ਬਾਵਜੂਦ ਨੰਗਲ, ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਿਚ ਗੈਰ-ਕਾਨੂੰਨੀ ਮਾਈਨਿੰਗ ਦਾ ਮਸਲਾ ਅਜੇ ਤਕ ਅਣਸੁਲਝਿਆ ਹੋਇਆ ਹੈ।
ਸਥਾਨਕ ਲੋਕਾਂ ਨੇ ਅਫ਼ਸੋਸ ਪ੍ਰਗਟਾਇਆ ਕਿ ਜ਼ਮੀਨ ਦੀ ਕਿਸਮ ਅਤੇ ਇਸ ਖੇਤਰ ਵਿਚ ਪੱਥਰ ਅਤੇ ਬੱਜਰੀ ਦੀ ਅਸਾਨ ਉਪਲਬਧਤਾ ਉਨ੍ਹਾਂ ਲਈ ਮਾਰੂ ਬਣ ਗਈ ਹੈ ਕਿਉਂਕਿ ਸਟੋਨ ਕਰੈਸ਼ਿੰਗ ਯੂਨਿਟ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਵਾਂ ਨਦੀ ਵਿਚ ਹੜ੍ਹ ਸਥਾਨਕ ਲੋਕਾਂ ਲਈ ਇਕ ਹੋਰ ਸਿਰਦਰਦੀ ਹੈ। ਜ਼ਮੀਨਾਂ ਥੋੜ੍ਹੀਆਂ ਹੋਣ ਕਾਰਨ ਸਥਾਨਕ ਲੋਕ ਹਿਮਾਚਲ ਦੇ ਨੇੜਲੇ ਇਲਾਕਿਆਂ 'ਤੇ ਨਿਰਭਰ ਹਨ।
ਹੋਰ ਅਹਿਮ ਮਸਲੇ
1) ਬੀਬੀਐਮਬੀ ਏਸ਼ੀਆ ਦੀ ਸੱਭ ਤੋਂ ਵੱਡੀ ਵਰਕਸ਼ਾਪ ਹੈ, ਜਿਥੇ 8-10 ਹਜ਼ਾਰ ਵਰਕਰ ਨੌਕਰੀ ਕਰਦੇ ਸਨ ਪਰ ਹੁਣ ਇਹ ਬੰਦ ਹੋ ਚੁੱਕੀ ਹੈ, ਪਿਛਲੇ ਲੋਕ ਸਭਾ ਮੈਂਬਰਾਂ ਨੇ ਇਸ ਨੂੰ ਚਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਅਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਦੌਲਤ ਇਥੇ ਭਾਖੜਾ ਡੈਮ ਦੀ ਉਸਾਰੀ ਹੋਈ, ਇਹ ਇਲਾਕਾ ਹਰੀ ਕ੍ਰਾਂਤੀ ਤੇ ਚਿੱਟੀ ਕ੍ਰਾਂਤੀ ਦਾ ਗਵਾਹ ਬਣਿਆ, ਹਿਮਾਚਲ ਦੇ ਇਲਾਕਿਆਂ ਤੋਂ ਇਥੇ ਲੋਕ ਨੌਕਰੀ-ਮਜ਼ਦੂਰੀ ਕਰਨ ਆਉਂਦੇ ਸਨ ਪਰ ਸਮੇਂ ਦੀ ਮਾਰ ਹੇਠ ਆਏ ਇਸ ਇਲਾਕੇ ਵਿਚ ਬੀਬੀਐਮਬੀ ਦੇ ਬੰਦ ਹੋਣ ਨਾਲ ਹੁਣ ਨੌਜਵਾਨ ਜਾਂ ਤਾਂ ਵਿਦੇਸ਼ ਭੱਜ ਰਹੇ ਨੇ ਜਾਂ ਫਿਰ ਹਿਮਾਚਲ ਦੀਆਂ ਸਨਅਤੀ ਇਕਾਈਆਂ ਵਿਚ ਨੌਕਰੀ-ਮਜ਼ਦੂਰੀ ਕਰਨ ਜਾਂਦੇ ਹਨ, ਬਕਾਇਦਾ ਰੋਜ਼ਾਨਾ ਹਿਮਾਚਲ ਦੇ ਕਾਰਖਾਨਿਆਂ-ਫੈਕਟਰੀਆਂ ਦੀਆਂ ਬੱਸਾਂ ਇਥੋਂ ਨੌਜਵਾਨਾਂ ਨੂੰ ਲੈ ਕੇ ਜਾਂਦੀਆਂ ਹਨ।
2) ਸਾਲ 2019 ਵਿਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬੰਗਾ ਤੋਂ ਨੈਣਾ ਦੇਵੀ ਫੋਰ ਲੇਨ ਦਾ ਉਦਘਾਟਨ ਕੀਤਾ ਸੀ ਪਰ ਇਹ ਫੋਰਲੇਨ ਕਦੇ ਵੀ ਸ਼ੁਰੂ ਨਹੀਂ ਹੋ ਸਕਿਆ। ਜੇਕਰ ਇਹ ਫੋਰਲੇਨ ਬਣੇ ਤਾਂ ਇਸ ਨਾਲ ਨਾ ਸਿਰਫ਼ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਵਿਕਾਸ ਹੋਵੇਗਾ ਬਲਕਿ ਪੂਰੇ ਪੰਜਾਬ ਦੀ ਆਮਦ-ਦਰਾਮਦ ਵੱਡੇ ਪੱਧਰ ਉੱਤੇ ਪ੍ਰਫੁੱਲਤ ਹੋਵੇਗੀ। ਨੈਣਾ ਦੇਵੀ ਤੋਂ ਅਨੰਦਪੁਰ ਸਾਹਿਬ ਰੋਪਵੇਅ ਦਾ ਨਿਰਮਾਣ ਵੀ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਹੈ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਦੇ ਵੀ ਇਸ ਇਲਾਕੇ ਵਿਚ ਬਣਨ ਵਾਲੇ ਫੋਰਲੇਨ, ਰੋਪਵੇਅ ਦੇ ਨਿਰਮਾਣ ਲਈ ਗੰਭੀਰਤਾ ਨਹੀਂ ਦਿਖਾਈ ਤੇ ਹੁਣ ਉਹ ਦੁਬਾਰਾ ਫਿਰ ਇਸੇ ਇਲਾਕੇ ਤੋਂ ਚੋਣ ਲੜ ਰਹੇ ਹਨ, ਤੇ ਉਨ੍ਹਾਂ ਦੇ ਪਿਛਲੀ ਵਾਰੀ ਕੀਤੇ ਵਾਅਦੇ-ਦਾਅਵੇ ਅਜੇ ਵੀ ਅਧੂਰੇ ਹਨ।
3) ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਸ਼ਾਨ ਰਹੇ ਕਦੰਮਾ ਟੂਰਿਸਟ ਕੰਪਲੈਕਸ ਤੇ ਪਿਕਾਸ਼ੀਆ ਟੂਰਿਸਟ ਕੰਪਲੈਕਸ ਦੋਵੇਂ ਹੀ ਸਮੇਂ ਦੀ ਮਾਰ ਕਰਕੇ ਬੰਦ ਹੋ ਗਏ, ਕਿਸੇ ਵੀ ਐਮਪੀ ਜਾਂ ਸਰਕਾਰ ਨੇ ਇਸ ਨੂੰ ਮੁੜ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਇਹ ਟੂਰਿਸਟ ਕੰਪਲੈਕਸ ਮੁੜ ਸ਼ੁਰੂ ਹੁੰਦੇ ਹਨ ਤਾਂ ਨਾ ਸਿਰਫ਼ ਦੇਸੀ ਬਲਕਿ ਵਿਦੇਸ਼ੀ ਸੈਲਾਨੀਆਂ ਲਈ ਇਹ ਇਲਾਕਾ ਆਕਰਸ਼ਣ ਦਾ ਕੇਂਦਰ ਬਣ ਸਕਦਾ ਹੈ ਤੇ ਇਸ ਨਾਲ ਇਲਾਕੇ ਨੂੰ ਰੈਵੇਨਿਊ ਵੀ ਮਿਲੇਗਾ।
4) ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਕ ਚੱਲਣ ਵਾਲੀ ਟਰੇਨ ਲੰਮੇ ਸਮੇਂ ਤੋਂ ਬੰਦ ਪਈ ਹੈ ਜਿਹੜੀ ਕਿ ਸ਼ਰਧਾਲੂਆਂ ਨੂੰ ਤਖ਼ਤ ਤੋਂ ਤਖ਼ਤ ਯਾਤਰਾ ਦੀ ਸਹੂਲਤ ਦਿੰਦੀ ਸੀ। ਰੇਲਵੇ ਵਿਭਾਗ ਵਲੋਂ ਇਸ ਟਰੇਨ ਨੂੰ ਬੰਦ ਕਰਨ ਮਗਰੋਂ ਕਿਸੇ ਨੇ ਵੀ ਇਸ ਟਰੇਨ ਨੂੰ ਚਲਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।
5) ਹੜ੍ਹਾਂ ਦੀ ਮਾਰ ਇਸ ਇਲਾਕੇ ਨੂੰ ਸੱਭ ਤੋਂ ਵੱਧ ਪੈਂਦੀ ਹੈ ਤੇ ਇਸ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣਾ ਵੀ ਸਮੇਂ ਦੀ ਲੋੜ ਹੈ। ਪਿਛਲੇ ਸਾਲ ਆਏ ਹੜ੍ਹਾਂ ਨੇ ਇਥੋਂ ਦੇ ਲੋਕਾਂ ਦੇ ਜਾਨ-ਮਾਲ ਤੇ ਪਸ਼ੂਆਂ-ਚਾਰੇ ਦਾ ਵੱਡਾ ਨੁਕਸਾਨ ਕੀਤਾ। ਇਹੀ ਨਹੀਂ, ਇਸ ਹਲਕੇ ਦੇ ਘਾੜ ਵਾਲੇ ਇਲਾਕਿਆਂ ਵਿਚ ਤਾਂ ਲੋਕ ਅਜੇ ਵੀ ਖੂਹਾਂ ਤੋਂ ਪਾਣੀ ਪੀਂਦੇ ਹਨ।
2019 ਅਤੇ 2022 ਦੌਰਾਨ ਸਨ ਇਹ ਸਮੱਸਿਆਵਾਂ
-ਲੋਕ ਸਭਾ ਹਲਕਾ ਆਨੰਦਪੁਰ ਦੇ ਵਿਧਾਨ ਸਭਾ ਹਲਕੇ ਅਨੰਦਪੁਰ ਸਾਹਿਬ, ਰੋਪੜ, ਗੜਸ਼ੰਕਰ, ਬਲਾਚੌਰ ਦਾ ਵੱਡਾ ਖੇਤਰ ਨੀਮ ਪਹਾੜੀ ਹੋਣ ਕਰਕੇ ਇਸ ਖੇਤਰ ਵਿਚ ਪੀਣ ਵਾਲੇ ਪਾਣੀ ਅਤੇ ਖੇਤੀ ਲਈ ਸਿੰਚਾਈ ਵਾਲੇ ਪਾਣੀ ਦੀ ਘਾਟ ਵੱਡਾ ਚੋਣ ਮੁਦਾ ਰਿਹਾ ਹੈ।
-ਵਿਧਾਨ ਸਭਾ ਹਲਕਾ ਰੋਪੜ, ਮੁਹਾਲੀ ਤੇ ਅਨੰਦਪੁਰ ਸਾਹਿਬ ਵਿਚ ਸਨਅਤਾਂ ਦਾ ਉਜਾੜਾ, ਨਵੇਂ ਉਦਯੋਗਾਂ ਦਾ ਨਾ ਲੱਗਣਾ ਤੇ ਨੌਕਰੀਆਂ ਦੇ ਮੌਕੇ ਘਟਣਾ ਵੀ ਅਹਿਮ ਚੋਣ ਮੁਦਾ ਰਿਹਾ ਹੈ।
-ਸਤਲੁਜ ਦਰਿਆ ਇਸ ਹਲਕੇ ਦੇ ਆਨੰਦਪੁਰ ਸਾਹਿਬ, ਰੋਪੜ, ਚਮਕੌਰ ਸਾਹਿਬ ਹਲਕਿਆਂ ਵਿੱਚੋਂ ਲੰਘਦਾ ਹੈ, ਦਰਿਆਈ ਖੇਤਰ ਵਿਚ ਮਾਈਨਿੰਗ ਮਾਫੀਆ ਦੀ ਸਰਗਰਮੀ ਤੇ ਸਥਾਨਕ ਲੋਕਾਂ ਦਾ ਟਕਰਾਅ ਵੀ ਸਿਆਸਤ ਨੂੰ ਗਰਮਾਈ ਰਖਦਾ ਹੈ।
-ਦਰਿਆਈ ਤੇ ਨੀਮ ਪਹਾੜੀ ਖੇਤਰਾਂ ਵਿੱਚ ਪੇਸ਼ੇਵਰ ਸਿੱਖਿਆ, ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਰਹੀ ਹੈ।
-ਇਸ ਇਲਾਕੇ ਵਿਚ ਜੰਗਲੀ ਜਾਨਵਰਾਂ ਵਲੋਂ ਫਸਲਾਂ ਦਾ ਉਜਾੜਾ ਅਹਿਮ ਮੁੱਦਾ ਹੈ।
-ਵੱਡੇ ਸ਼ਹਿਰਾਂ ਲਈ ਬੱਸ ਸਹੂਲਤ ਦੀ ਕਮੀ, ਪੇਂਡੂ ਖੇਤਰ ਦੀਆਂ ਅੰਦਰੂਨੀ ਸੜਕਾਂ ਦੀ ਖਸਤਾ ਹਾਲਤ
-ਨਵਾਂ ਸ਼ਹਿਰ, ਬੰਗਾ, ਗੜ੍ਹਸ਼ੰਕਰ ਤੇ ਬਲਾਚੌਰ ਐੱਨਆਰਆਈ ਖੇਤਰ ਹੋਣ ਕਾਰਨ ਪਰਵਾਸੀਆਂ ਦੀਆਂ ਸਮੱਸਿਆਵਾਂ ਵੀ ਇਥੇ ਚੋਣ ਮੁੱਦਾ ਹੈ।
-ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ
ਵੋਟਰਾਂ ਦੀ ਗਿਣਤੀ
ਅਨੰਦਪੁਰ ਸਾਹਿਬ ਵਿਖੇ 17 ਲੱਖ 27 ਹਜ਼ਾਰ 844 ਕੁੱਲ ਵੋਟਰ ਹਨ ਜਿਨ੍ਹਾਂ ਵਿਚ 9 ਲੱਖ 1 ਹਜ਼ਾਰ 917 ਮਰਦ ਵੋਟਰ, 8 ਲੱਖ 25 ਹਜ਼ਾਰ 864 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ।